USA 'ਚ ਪੰਜਾਬੀ ਨੌਜਵਾਨ ਵਲੋਂ ਮਾਪਿਆਂ ਦੇ ਕਤਲ ਦੀ ਡਿਟੇਲ ਆਈ ਸਾਹਮਣੇ
ਬਾਬੂਸ਼ਾਹੀ ਬਿਊਰੋ
ਵਾਸ਼ਿੰਗਟਨ, 19 ਜੂਨ: ਅਮਰੀਕਾ ਦੇ ਵਰਜੀਨੀਆ ਤੋਂ ਇੱਕ ਬੇਹੱਦ ਰੂਹ ਕੰਬਾਊ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੈਕਸਾਸ ਯੂਨੀਵਰਸਿਟੀ (University of Texas) ਵਿੱਚ ਪੜ੍ਹਦੇ ਇੱਕ 19 ਸਾਲਾ ਪੰਜਾਬੀ ਸਟੂਡੈਂਟ (Student) ਨੇ ਅੰਨ੍ਹੇਵਾਹ ਫਾਇਰਿੰਗ (Firing) ਕਰਕੇ ਆਪਣੇ ਹੀ ਹੱਸਦੇ-ਖੇਡਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਿਰਫ਼ 19 ਸਾਲ ਦੇ ਇਸ ਲੜਕੇ ਨੇ ਅਣਪਛਾਤੇ ਕਾਰਨਾਂ ਕਰਕੇ ਆਪਣੀ ਮਾਂ, ਪਿਤਾ ਅਤੇ ਬਜ਼ੁਰਗ ਦਾਦੀ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਖ਼ੂਨੀ ਕਾਂਡ ਦੌਰਾਨ ਮੁਲਜ਼ਮ ਦਾ ਵੱਡਾ ਭਰਾ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ, ਜਿਸ ਦੀ ਇਨਫਾਰਮੇਸ਼ਨ (Information) 'ਤੇ ਹਰਕਤ ਵਿੱਚ ਆਈ ਅਮਰੀਕੀ ਪੁਲਿਸ ਨੇ ਮੁਲਜ਼ਮ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ੌਫ਼ਨਾਕ ਵਾਰਦਾਤ 17 ਜੂਨ ਦੀ ਰਾਤ ਨੂੰ ਵਰਜੀਨੀਆ ਦੇ ਸਕੈਨਲਨ ਪਿੰਡ ਵਿੱਚ ਵਾਪਰੀ। ਪੁਲਿਸ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਦੇ ਸਟੂਡੈਂਟ ਗੌਰਵ ਚੋਪੜਾ ਨੇ ਅਚਾਨਕ ਘਰ ਦੇ ਅੰਦਰ ਆਪਣੀ 46 ਸਾਲਾ ਮਾਂ ਕਮਲੇਸ਼ ਰਾਣੀ, 56 ਸਾਲਾ ਪਿਤਾ ਸੀਤਾ ਰਾਮ ਅਤੇ 73 ਸਾਲਾ ਦਾਦੀ ਮਹਿੰਦਰ ਕੌਰ 'ਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ। ਉਸ ਨੇ ਤਿੰਨਾਂ ਦੇ ਸਿਰ 'ਚ ਬਿਲਕੁਲ ਨਜ਼ਦੀਕ ਤੋਂ ਗੋਲੀਆਂ ਮਾਰੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ 21 ਸਾਲਾ ਵੱਡੇ ਭਰਾ ਸਾਜਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਖੁਸ਼ਕਿਸਮਤੀ ਨਾਲ ਉਸ ਦੀ ਪਿਸਤੌਲ ਜਾਮ (Jam) ਹੋ ਗਈ, ਜਿਸ ਕਾਰਨ ਭਰਾ ਦੀ ਜਾਨ ਬਚ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੁਲਜ਼ਮ ਗੌਰਵ ਆਪਣੀ ਕਾਰ ਵਿੱਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪਰ ਭੱਜਣ ਦੀ ਕਾਹਲੀ ਵਿੱਚ ਉਸ ਦੀ ਕਾਰ ਦਾ ਭਿਆਨਕ ਐਕਸੀਡੈਂਟ (Accident) ਹੋ ਗਿਆ ਅਤੇ ਕਾਰ ਹਾਦਸਾਗ੍ਰਸਤ ਹੋ ਗਈ। ਦੂਜੇ ਪਾਸੇ, ਬਚੇ ਹੋਏ ਭਰਾ ਸਾਜਨ ਦੀ ਸ਼ਿਕਾਇਤ 'ਤੇ ਸਥਾਨਕ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੀ ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਸੀ। ਪੁਲਿਸ ਨੇ ਐਕਸੀਡੈਂਟ ਵਾਲੀ ਜਗ੍ਹਾ ਤੋਂ ਮੁਲਜ਼ਮ ਨੂੰ ਤੁਰੰਤ ਹਿਰਾਸਤ (Custody) ਵਿੱਚ ਲੈ ਲਿਆ। ਉਸ ਕੋਲੋਂ ਜਾਮ ਹੋਈ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਅਮਰੀਕੀ ਅਦਾਲਤ ਨੇ ਗੌਰਵ 'ਤੇ ਕਤਲ ਦੇ ਚਾਰ ਗੰਭੀਰ ਦੋਸ਼ ਤੈਅ ਕਰਦਿਆਂ ਉਸ ਨੂੰ ਬਿਨਾਂ ਜ਼ਮਾਨਤ (Bail) ਜੇਲ੍ਹ ਭੇਜ ਦਿੱਤਾ ਹੈ।
ਇਸ ਤੂਫ਼ਾਨੀ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਲੱਖਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜੋ ਕਿ ਇਸ ਪੀੜਤ ਪਰਿਵਾਰ ਦਾ ਜੱਦੀ ਪਿੰਡ ਹੈ। ਪਿੰਡ ਵਿੱਚ ਰਹਿਣ ਵਾਲੇ ਮ੍ਰਿਤਕ ਸੀਤਾ ਰਾਮ ਦੇ ਚਚੇਰੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਰੀਬ 20-30 ਸਾਲਾਂ ਤੋਂ ਅਮਰੀਕਾ ਵਿੱਚ ਸੈਟਲ ਸੀ ਅਤੇ ਉੱਥੋਂ ਦੇ ਪਾਮ ਵਿਊ ਇਲਾਕੇ ਵਿੱਚ ਆਪਣਾ ਬਿਜ਼ਨੈੱਸ (Business) ਚਲਾ ਰਿਹਾ ਸੀ। ਅਜੇ ਮਹਿਜ਼ 5 ਮਹੀਨੇ ਪਹਿਲਾਂ ਹੀ ਸੀਤਾ ਰਾਮ ਆਪਣੀ ਪਤਨੀ ਅਤੇ ਦੋਵਾਂ ਪੁੱਤਰਾਂ ਨਾਲ ਪਿੰਡ ਘੁੰਮਣ ਆਏ ਸਨ। ਪਿੰਡ ਵਾਸੀਆਂ ਨੂੰ ਵਿਦੇਸ਼ ਤੋਂ ਆਏ ਇੱਕ ਫ਼ੋਨ ਰਾਹੀਂ ਇਸ ਸਮੂਹਿਕ ਕਤਲੇਆਮ ਦਾ ਪਤਾ ਲੱਗਾ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਆਖਰ 19 ਸਾਲ ਦੇ ਨੌਜਵਾਨ ਨੇ ਆਪਣੇ ਹੀ ਹੱਸਦੇ-ਵਸਦੇ ਪਰਿਵਾਰ ਨੂੰ ਖ਼ਤਮ ਕਰਨ ਵਰਗਾ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ। ਪੁਲਿਸ ਮੁਤਾਬਕ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਮੁਲਜ਼ਮ ਕੋਲੋਂ ਕੀਤੀ ਜਾ ਰਹੀ ਸਖ਼ਤ ਪੁੱਛਗਿੱਛ ਤੋਂ ਬਾਅਦ ਹੀ ਹੋ ਸਕੇਗਾ।