New Zealand: ਪਾਣੀ ਵਿਚ ਗਈ ਇਕ ਹੋਰ ਜਾਨ- ਪਾਣੀ ’ਚੋਂ ਮਿਲੀ ਮ੍ਰਿਤਕ ਦੇਹ ਦੀ ਕ੍ਰਾਈਸਟਚਰਚ ਦੇ ਬਲਦੀਪ ਸਿੰਘ ਵਜੋਂ ਹੋਈ ਪਛਾਣ
-11 ਜੂਨ ਦੀ ਹੈ ਘਟਨਾ ਅਤੇ 12 ਜੂਨ ਨੂੰ ਮਿਲੀ ਸੀ ਲਾਸ਼
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਜੂਨ, 2026:-ਭਾਰਤੀ ਭਾਈਚਾਰੇ ਲਈ ਇਕ ਹੋਰ ਸ਼ੋਕਮਈ ਸਮਾਚਾਰ ਹੈ ਕਿ ਬੀਤੀ 11 ਜੂਨ ਨੂੰ ਲੇਕ ਟੀਕਾਪੋ ਕਸਬੇ ਦੇ ਮੁੱਖ ਪੁਲ ਤੋਂ ਪਾਣੀ ਵਿੱਚ ਇਕ ਵਿਅਕਤੀ ਗਿਆ ਸੀ, ਜਿਸ ਤੋਂ ਬਾਅਦ ਉਹ ਸਤ੍ਹਾ ’ਤੇ ਵਾਪਸ ਨਹੀਂ ਆ ਸਕੇ। ਉਸਦੀ ਲਾਸ਼ ਮਿਲਣ ਉਪਰੰਤ ਹੁਣ ਮ੍ਰਿਤਕ ਦੇਹ ਦੀ ਪਛਾਣ ਕ੍ਰਾਈਸਟਚਰਚ ਦੇ ਬਲਦੀਪ ਸਿੰਘ (34) ਵਜੋਂ ਹੋਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਪੰਜਾਬ ਨਾਲ ਸਬੰਧਿਤ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਬਚਾਅ ਅਤੇ ਖੋਜ ਕਾਰਜ ਸ਼ੁਰੂ ਕੀਤਾ ਗਿਆ ਸੀ। ਪੁਲਿਸ ਡਾਈਵ ਸਕੁਐਡ ਜਿਨ੍ਹਾਂ ਨੇ ਅਗਲੇ ਦਿਨ, 12 ਜੂਨ ਨੂੰ ਦੁਪਹਿਰ ਲਗਭਗ 2 ਵਜੇ ਬਲਦੀਪ ਸਿੰਘ ਦੀ ਦੇਹ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਮੌਤ ਦੇ ਸਹੀ ਕਾਰਨਾਂ ਦੀ ਜਾਂਚ ਲਈ ਕੋਰੋਨਰ ਦੀ ਨਿਗਰਾਨੀ ਹੇਠ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਅਜੇ ਵੀ ਲਗਾਤਾਰ ਜਾਰੀ ਹੈ।
ਬਲਦੀਪ ਸਿੰਘ ਦੀ ਇਸ ਅਚਾਨਕ ਅਤੇ ਦੁਖਦਾਈ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕ੍ਰਾਈਸਟਚਰਚ ਅਤੇ ਸਮੁੱਚੇ ਨਿਊਜ਼ੀਲੈਂਡ ਦੇ ਭਾਰਤੀ ਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਸੋਸ਼ਲ ਮੀਡੀਆ ’ਤੇ ਦੋਸਤਾਂ ਅਤੇ ਨੇੜਲਿਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੂੰ ਇਸ ਸੰਕਟ ਦੀ ਘੜੀ ਵਿੱਚ ਸਹਾਰਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।