21 ਫਰਵਰੀ : ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ’ਤੇ ਵਿਸ਼ੇਸ਼ - ‘ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ, ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ’
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਫਰਵਰੀ 2026:-ਵਿਸ਼ਵ ਭਰ ’ਚ 21 ਫਰਵਰੀ ਨੂੰ ਲੋਕ ਮਾਂ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ ’ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ ’ਚ ਬਣਦਾ ਹਿੱਸਾ ਪਾ ਸਕਣ। 21 ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ ਦਿਵਾਉਂਦਾ ਹੈ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਭਾਸ਼ਾ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ, 21 ਫਰਵਰੀ ਨੂੰ ਮਾਂ ਬੋਲੀ ਦਿਵਸ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਵਿਸ਼ਵ ਪੱਧਰ ’ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਅੱਜਕੱਲ੍ਹ ਲਗਭਗ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਬਾਰੇ ਯੂਨੈਸਕੋ ਨੇ ਰਿਪੋਰਟ ਜਾਰੀ ਕੀਤੀ ਹੈ। ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਵੀ ਹੈ। ਇਹ 11ਵੇਂ ਸਥਾਨ ‘ਤੇ ਆਉਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪੰਜਾਬੀ ਵਿਸ਼ਵ ਦੇ 15 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ। ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ ’ਤੇ ਵੀ ਦਿੱਤੀਆਂ ਜਾਂਦੀਆਂ ਹਨ। 8 ਜੁਲਾਈ 1994 ਵਾਲੇ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਖੇ, ਪੰਜਾਬੀ ਨੂੰ ਦੂਜੀ ਜ਼ੁਬਾਨ ਦਾ ਦਰਜਾ ਹਾਸਲ ਹੋਇਆ: ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ‘ਦੂਜਾ ਪੰਜਾਬ’ ਵਸਦਾ ਹੈ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਇਸ ਸਬੰਧੀ ਬਹੁਤ ਸੋਹਣਾ ਲੇਖ ਕੇ ਪ੍ਰਕਾਸ਼ਿਤ ਕੀਤਾ ਸੀ ਅਤੇ ਉਪਰੋਕਤ ਜਾਣਕਾਰੀ ਉਸੇ ਲੇਖ ਵਿਚੋਂ ਪੇਸ਼ ਕੀਤੀ ਗਈ ਹੈ।
ਪੰਜਾਬੀ ਭਾਸ਼ਾ ਦੀ ਅਧਿਕਾਰਤ ਮਾਨਤਾ
ਭਾਰਤ: ਪੰਜਾਬ ਰਾਜ ਦੀ ਸਰਕਾਰੀ ਅਤੇ ਅਧਿਕਾਰਤ ਭਾਸ਼ਾ ਹੈ। ਹਰਿਆਣਾ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਇਸ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ।
ਪਾਕਿਸਤਾਨ: ਭਾਵੇਂ ਪਾਕਿਸਤਾਨ ਵਿੱਚ ਸਭ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ, ਪਰ ਉੱਥੇ ਰਾਸ਼ਟਰੀ ਪੱਧਰ ’ਤੇ ਉਰਦੂ ਅਤੇ ਅੰਗਰੇਜ਼ੀ ਦਾ ਗਲਬਾ ਹੈ। ਹਾਲਾਂਕਿ, ਪੰਜਾਬੀ ਨੂੰ ਸੂਬਾਈ ਪੱਧਰ ’ਤੇ ਮਾਨਤਾ ਮਿਲੀ ਹੋਈ ਹੈ।
ਗਲੋਬਲ ਪੱਧਰ: ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਪੰਜਾਬੀ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਕੈਨੇਡੀਅਨ ਸੰਸਦ ਵਿੱਚ ਵੀ ਪੰਜਾਬੀ ਗੂੰਜਦੀ ਹੈ।
ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਮੁੱਖ ਸੰਸਥਾਵਾਂ
ਪੰਜਾਬੀ ਭਾਸ਼ਾ ਨੂੰ ਜਿਊਂਦਾ ਰੱਖਣ ਅਤੇ ਇਸ ਵਿੱਚ ਖੋਜ ਕਾਰਜਾਂ ਲਈ ਕਈ ਅਦਾਰੇ ਕੰਮ ਕਰ ਰਹੇ ਹਨ:
ਭਾਸ਼ਾ ਵਿਭਾਗ, ਪੰਜਾਬ (ਪਟਿਆਲਾ): ਇਹ ਸਰਕਾਰੀ ਅਦਾਰਾ ਪੰਜਾਬੀ ਸਾਹਿਤ ਅਤੇ ਕੋਸ਼ਕਾਰੀ (Dictionaries) ਲਈ ਜਾਣਿਆ ਜਾਂਦਾ ਹੈ।
ਪੰਜਾਬੀ ਅਕਾਦਮੀ, ਦਿੱਲੀ: ਦਿੱਲੀ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਰਗਰਮ ਸੰਸਥਾ।
ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਲਾਹੌਰ: ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲਾ ਮੁੱਖ ਅਦਾਰਾ।
ਵਿਸ਼ਵ ਪੰਜਾਬੀ ਕਾਨਫ਼ਰੰਸ: ਵਿਦੇਸ਼ਾਂ ਵਿੱਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ।
ਪੰਜਾਬੀ ਦੇ ਨਾਮ ’ਤੇ ਬਣੇ ਵਿਦਿਅਕ ਅਦਾਰੇ
ਪੰਜਾਬੀ ਦੁਨੀਆ ਦੀਆਂ ਉਨ੍ਹਾਂ ਬਹੁਤ ਘੱਟ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਸ ਦੇ ਨਾਮ ’ਤੇ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ: ਇਹ ਇਜ਼ਰਾਈਲ ਦੀ ‘ਹਿਬਰੂ ਯੂਨੀਵਰਸਿਟੀ’ ਤੋਂ ਬਾਅਦ ਦੁਨੀਆ ਦੀ ਦੂਜੀ ਅਜਿਹੀ ਯੂਨੀਵਰਸਿਟੀ ਹੈ, ਜੋ ਕਿਸੇ ਭਾਸ਼ਾ ਦੇ ਨਾਮ ’ਤੇ ਬਣੀ ਹੈ (ਸਥਾਪਨਾ: 30 ਅਪ੍ਰੈਲ 1962)।
ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ: ਗੁਰੂ ਕਾਸ਼ੀ ਕੈਂਪਸ (ਤਲਵੰਡੀ ਸਾਬੋ) ਅਤੇ ਕਈ ਹੋਰ ਕਾਲਜ ਇਸ ਦੇ ਨਾਮ ਹੇਠ ਚੱਲ ਰਹੇ ਹਨ।
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ: ਅਨੇਕਾਂ ਉਦਮ-ਇੱਕ ਉੱਭਰਦੀ ਤਸਵੀਰ
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰਾ ਨਾ ਸਿਰਫ਼ ਆਰਥਿਕ ਤੌਰ ’ਤੇ ਮਜ਼ਬੂਤ ਹੋ ਰਿਹਾ ਹੈ, ਸਗੋਂ ਭਾਸ਼ਾਈ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ।
1. ਸਭ ਤੋਂ ਤੇਜ਼ੀ ਨਾਲ ਵਧ ਰਹੀ ਭਾਸ਼ਾ
ਨਵੀਨਤਮ 2023 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਪੰਜਾਬੀ ਨਿਊਜ਼ੀਲੈਂਡ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣ ਗਈ ਹੈ।
ਵਾਧਾ: 2018 ਤੋਂ 2023 ਦਰਮਿਆਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1% ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਬੋਲਣ ਵਾਲਿਆਂ ਦੀ ਗਿਣਤੀ: ਮੌਜੂਦਾ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਿੱਚ ਲਗਭਗ 49,656 ਲੋਕ ਪੰਜਾਬੀ ਬੋਲਦੇ ਹਨ।
ਦਰਜਾ: ਪੰਜਾਬੀ ਹੁਣ ਨਿਊਜ਼ੀਲੈਂਡ ਵਿੱਚ ਬੋਲੀ ਜਾਣ ਵਾਲੀ 9ਵੀਂ ਸਭ ਤੋਂ ਵੱਡੀ ਭਾਸ਼ਾ ਹੈ (ਅੰਗਰੇਜ਼ੀ ਨੂੰ ਛੱਡ ਕੇ)।
2. ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ
ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ‘ਪੰਜਾਬੀ ਭਾਸ਼ਾ ਹਫ਼ਤਾ’ ਮਨਾਇਆ ਜਾ ਰਿਹਾ ਹੈ।
ਕਦੋਂ ਮਨਾਇਆ ਜਾਂਦਾ ਹੈ? ਆਮ ਤੌਰ ’ਤੇ ਇਹ ਨਵੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ (ਜਿਵੇਂ 2025 ਵਿੱਚ ਇਹ 3 ਤੋਂ 9 ਨਵੰਬਰ ਤੱਕ ਮਨਾਇਆ ਗਿਆ)। ਇਸ ਵਾਰ ਇਹ 02 ਨਵੰਬਰ ਤੋਂ 08 ਨਵੰਬਰ ਤੱਕ ਮਨਾਇਆ ਜਾਵੇਗਾ। ਸਕੂਲਾਂ ਅਤੇ ਹੋਰ ਜਨਤਕ ਥਾਵਾਂ ਉਤੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿੱਥੇ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰਕ ਦੀ ਗੱਲ ਹੁੰਦੀ ਹੈ। ਇਸੇ ਮਹੀਨੇ ਪੰਜਾਬ ਸੂਬਾ ਦਿਵਸ (60ਵੀਂ ਸਾਲਗਿਰਾ) ਵੀ ਮਨਾਈ ਜਾਵੇਗੀ।
ਇਤਿਹਾਸ: ਇਸ ਦੀ ਸ਼ੁਰੂਆਤ ਪੰਜਾਬੀ ਭਾਈਚਾਰੇ ਦੇ ਯਤਨਾਂ ਸਦਕਾ ਹੋਈ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਸਕੇ। 2021 ਵਿੱਚ, ਇਸ ਮੌਕੇ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ, ਜਿਸ ’ਤੇ ਗੁਰਮੁਖੀ ਅਤੇ ਸ਼ਾਹਮੁਖੀ ਦੋਵੇਂ ਲਿਪੀਆਂ ਅੰਕਿਤ ਸਨ।
ਸਾਡਾ ਫਰਜ਼
ਅੱਜ ਦੇ ਦੌਰ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਸਿਖਾਉਣ ਵਿੱਚ ਇੰਨੇ ਰੁੱਝ ਗਏ ਹਾਂ ਕਿ ਸਾਡੀ ਆਪਣੀ ਮਾਂ-ਬੋਲੀ ਪਿੱਛੇ ਛੁੱਟ ਰਹੀ ਹੈ। ਮਾਂ-ਬੋਲੀ ਦਿਹਾੜੇ ਦਾ ਅਸਲੀ ਮਕਸਦ ਤਾਂ ਹੀ ਪੂਰਾ ਹੋਵੇਗਾ ਜੇਕਰ ਅਸੀਂ:
ਘਰਾਂ ਵਿੱਚ ਪੰਜਾਬੀ ਬੋਲੀਏ। ਪੰਜਾਬੀ ਸਾਹਿਤ ਅਤੇ ਅਖ਼ਬਾਰ ਪੜ੍ਹੀਏ।
ਪੰਜਾਬੀ ਲਿਖਣ ਵੇਲੇ ਸ਼ੁੱਧ ਗੁਰਮੁਖੀ/ਸ਼ਾਹਮੁਖੀ ਦੀ ਵਰਤੋਂ ਕਰੀਏ।
ਜੇ ਮਾਂ-ਬੋਲੀ ਭੁੱਲ ਜਾਓਗੇ, ਤਾਂ ਆਪਣੀ ਹੋਂਦ ਗੁਆ ਬੈਠੋਗੇ।
ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ।
ਧਰਤੀ ਹੈ ਪੰਜਾਬ ਦੀ, ਖੁੱਲ੍ਹੇ ਬੜੇ ਸਕੂਲ।
ਪੰਜਾਬੀ ਨੂੰ ਵਿਤਕਰਾ, ਕਿੱਥੇ ਗਏ ਅਸੂਲ?