ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਥਕ ਮਰਯਾਦਾ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ, ਐੱਸਜੀਪੀਸੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਕੀਤੀ ਮੰਗ
ਸਾਡੀਆਂ ਪੰਥਕ ਸੰਸਥਾਵਾਂ ਅਤੇ ਗੁਰੂ ਦੀ ਗੋਲਕ ਦੀ ਸਿਆਸੀ ਹਿੱਤਾਂ ਲਈ ਦੁਰਵਰਤੋਂ ਅਸਵੀਕਾਰਨਯੋਗ: ਕੁਲਤਾਰ ਸਿੰਘ ਸੰਧਵਾਂ
ਪੰਥਕ ਚੇਤਨਾ ਵਾਲੀਆਂ ਆਵਾਜ਼ਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, 'ਖਾਸ ਪਰਿਵਾਰ' ਨੂੰ ਬਚਾਉਣ ਲਈ ਸੱਚ ਬੋਲਣ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਸਜ਼ਾਵਾਂ: ਸੰਧਵਾਂ
ਐੱਸਜੀਪੀਸੀ ਦੀ ਕਾਰਜਪ੍ਰਣਾਲੀ 'ਤੇ ਉੱਠ ਰਹੇ ਸਵਾਲਾਂ ਨੂੰ ਹੁਣ ਹੋਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਹ ਬਹੁਤ ਗੰਭੀਰ ਮੁੱਦੇ ਹਨ: ਸੰਧਵਾਂ
ਜੇਕਰ ਪੰਥ ਦਾ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਦਾ ਨੁਕਸਾਨ ਹੁੰਦਾ ਹੈ, ਸਰਬੱਤ ਖਾਲਸਾ ਦੀ ਭਾਵਨਾ ਤਹਿਤ ਹੁਣ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸਮਾਂ ਹੈ: ਸੰਧਵਾਂ
ਚੰਡੀਗੜ੍ਹ, 19 ਫਰਵਰੀ 2026- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਨੂੰ ਸਿਖ ਸੰਗਤ ਨੂੰ ਪੰਥਕ ਮਰਯਾਦਾ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਸਮੇਂ ਦੀ ਮੁੱਖ ਲੋੜ ਹੈ। ਸਿੱਖ ਸੰਸਥਾਵਾਂ ਦੇ ਪ੍ਰਬੰਧਾਂ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮੂਹਿਕ ਆਤਮ-ਪੜਚੋਲ ਅਤੇ ਸੁਧਾਰਾਤਮਕ ਕਾਰਵਾਈ ਦਾ ਸਮਾਂ ਆ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, “ਮੈਂ ਸੰਗਤ ਅਤੇ ਪੰਥਕ ਹਲਕਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥਕ ਮਰਯਾਦਾ ਦੀ ਰਾਖੀ ਲਈ ਇਕੱਠੇ ਹੋਣ। ਐੱਸਜੀਪੀਸੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ।”
ਐੱਸਜੀਪੀਸੀ ਦੀ ਕਾਰਜਪ੍ਰਣਾਲੀ ਬਾਰੇ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਾਲਾਂਕਿ ਐੱਸਜੀਪੀਸੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਲਈ ਇੱਕ ਬਹੁਤ ਹੀ ਜ਼ਿੰਮੇਵਾਰ ਅਤੇ ਸਤਿਕਾਰਤ ਸੰਸਥਾ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਇਸ ਦੀ ਕਾਰਜਪ੍ਰਣਾਲੀ 'ਤੇ ਵਾਰ-ਵਾਰ ਸਵਾਲ ਉੱਠਦੇ ਰਹੇ ਹਨ।
ਸੰਧਵਾਂ ਨੇ ਅੱਗੇ ਕਿਹਾ ਕਿ ਪੰਥਕ ਚੇਤਨਾ ਵਾਲੀਆਂ ਆਵਾਜ਼ਾਂ ਸਮੇਂ-ਸਮੇਂ 'ਤੇ ਚਿੰਤਾਵਾਂ ਪ੍ਰਗਟਾਉਂਦੀਆਂ ਰਹੀਆਂ ਹਨ। ਗਿਆਨੀ ਰਘਬੀਰ ਸਿੰਘ ਜੀ ਵੱਲੋਂ ਕੀਤੇ ਗਏ ਤਾਜ਼ਾ ਖੁਲਾਸੇ ਅਤੇ ਇਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਉਠਾਏ ਗਏ ਮੁੱਦਿਆਂ ਨੇ ਇੱਕ ਵਾਰ ਫਿਰ ਗੰਭੀਰ ਮਾਮਲਿਆਂ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ।
ਖਾਸ ਮੁੱਦਿਆਂ 'ਤੇ ਸਵਾਲ ਚੁੱਕਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰਦੁਆਰਾ ਜ਼ਮੀਨਾਂ, ਗੁਰੂ ਦੀ ਗੋਲਕ ਅਤੇ ਸਮੁੱਚੇ ਪ੍ਰਬੰਧਾਂ ਨਾਲ ਸਬੰਧਤ ਮਾਮਲਿਆਂ ਵਿੱਚ ਬੇਨਿਯਮੀਆਂ ਦੇਖਣ ਨੂੰ ਮਿਲੀਆਂ ਹਨ, ਪਰ ਖਾਮੀਆਂ ਨੂੰ ਸੁਧਾਰਨ ਦੀ ਬਜਾਏ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੀ ਕਾਰਵਾਈ ਕੀਤੀ ਗਈ। ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਬਦਲੀਆਂ, ਬਰਖਾਸਤਗੀਆਂ ਅਤੇ ਇੱਥੋਂ ਤੱਕ ਕਿ ਕੇਸਾਂ ਤੱਕ ਦਾ ਸਹਾਰਾ ਲਿਆ ਗਿਆ, ਜਦਕਿ ਸੱਚ ਸਾਹਮਣੇ ਲਿਆਉਣ ਵਾਲੇ ਨੂੰ ਹੀ ਦੋਸ਼ੀ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਸਪੀਕਰ ਨੇ ਕਿਹਾ ਕਿ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਐੱਸਜੀਪੀਸੀ 'ਤੇ ਕਾਬਜ਼ ਇੱਕ ਖਾਸ ਪਰਿਵਾਰ ਦੀ ਭੂਮਿਕਾ 'ਤੇ ਤਿੱਖੇ ਸਵਾਲ ਖੜ੍ਹੇ ਹੋ ਗਏ ਹਨ। ਆਪਣੀ ਸੰਸਥਾ, ਗੋਲਕ ਅਤੇ ਪੰਥ ਦੀ ਸਿਆਸੀ ਹਿੱਤਾਂ ਲਈ ਦੁਰਵਰਤੋਂ ਕਰਨਾ ਕਤਈ ਮਨਜ਼ੂਰ ਨਹੀਂ ਹੈ। ਕਥਿਤ ਜ਼ਮੀਨੀ ਘੁਟਾਲੇ, ਲੰਗਰ ਦੀਆਂ ਰੋਟੀਆਂ ਨਾਲ ਸਬੰਧਤ ਬੇਨਿਯਮੀਆਂ ਅਤੇ 328 ਸਰੂਪਾਂ ਵਰਗੇ ਸੰਵੇਦਨਸ਼ੀਲ ਮਾਮਲਿਆਂ ਤੋਂ ਹੁਣ ਧਿਆਨ ਨਹੀਂ ਭਟਕਾਇਆ ਜਾਣਾ ਚਾਹੀਦਾ।
ਮੌਜੂਦਾ ਸਥਿਤੀ ਨੂੰ ਇੱਕ ਫੈਸਲਾਕੁੰਨ ਮੋੜ ਦੱਸਦਿਆਂ ਸੰਧਵਾਂ ਨੇ ਕਿਹਾ ਕਿ ਇਹ ਇੱਕ ਨਿਰਣਾਇਕ ਸਮਾਂ ਹੈ। ਸਮੁੱਚੇ ਪੰਥ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਸਰਬੱਤ ਖਾਲਸਾ ਦੀ ਭਾਵਨਾ ਤਹਿਤ ਇਕੱਠੇ ਹੋਣਾ ਬਿਲਕੁਲ ਜਾਇਜ਼ ਹੈ। ਜੇਕਰ ਪੰਥ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਪੰਜਾਬ ਨੂੰ ਨੁਕਸਾਨ ਹੁੰਦਾ ਹੈ; ਜੇਕਰ ਪੰਥਕ ਸੰਸਥਾਵਾਂ ਕਮਜ਼ੋਰ ਹੁੰਦੀਆਂ ਹਨ, ਤਾਂ ਸਮਾਜ ਕਮਜ਼ੋਰ ਹੁੰਦਾ ਹੈ। ਗੁਰੂ ਘਰ ਦੀ ਮਰਯਾਦਾ ਅਤੇ ਜਾਇਦਾਦ ਦੀ ਰਾਖੀ ਲਈ ਜਾਗਰੂਕਤਾ ਅਤੇ ਏਕਤਾ ਬਹੁਤ ਜ਼ਰੂਰੀ ਹੈ।