ਢੀਂਡਸਿਆਂ ਦੀ ਸਿਆਸੀ ਰਾਜਧਾਨੀ ’ਚ ਸੁਖਬੀਰ ਨੇ ਗੱਡਿਆ ਬਾਦਲ ਮਾਰਕਾ ਸੇਹ ਦਾ ਤੱਕਲਾ
ਅਸ਼ੋਕ ਵਰਮਾ
ਬਠਿੰਡਾ , 19 ਫਰਵਰੀ 2026 : ਕੀ ਵਿਧਾਨ ਸਭਾ ਹਲਕਾ ਸੰਗਰੂਰ ਤੇ ਧੂਰੀ ਹਲਕਿਆਂ ਨਾਲ ਸਬੰਧਤ ਭਾਰਤੀ ਜੰਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਉੱਘੇ ਉਦਯੋਗਪਤੀ ਅਰਵਿੰਦ ਖੰਨਾ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਕੇ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪ੍ਰੀਵਾਰ ਦੀ ਸਿਆਸੀ ਰਾਜਧਾਨੀ ਆਖਵਾਉਂਦੇ ਸੰਗਰੂਰ ਦੀ ਸਿਆਸਤ ’ਚ ਧਮਾਕਾ ਕੀਤਾ ਹੈ? ਸਿਆਸੀ ਹਲਕਿਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਸੰਗਰੂਰ ਦੀ ਰਾਜਨੀਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਸਵਾਲ ਦਾ ਜਵਾਬ ‘ਹਾਂ’ ਵਿੱਚ ਹੈ। ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਨੂੰ 15 ਫਰਵਰੀ ਨੂੰ ਪਾਰਟੀ ’ਚ ਸ਼ਾਮਲ ਕੀਤਾ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਖੰਨਾ ਨੂੰ ਰਾਜਨੀਤੀ ’ਚ ਸੁਖਬੀਰ ਬਾਦਲ ਲਿਆਏ ਸਨ ਪਰ ਮਗਰੋਂ ਉਨ੍ਹਾਂ ਦੀਆਂ ਨਜ਼ਦੀਕੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਬਣ ਗਈਆਂ। ਕੈਪਟਨ ਦੇ ਸਾਥੀ ਵਜੋਂ ਸਿਆਸੀ ਦਾਅ ਪੇਚ ਸਿੱਖਣ ਵਾਲੇ ਅਰਵਿੰਦ ਖੰਨਾ ਦਾ ਸਮਾਜਸੇਵਾ ’ਚ ਚੰਗਾ ਮੁਕਾਮ ਹੈ।
ਸਿਆਸੀ ਮਾਹਿਰਾਂ ਵੱਲੋਂ ਸਮਾਜ ਸੇਵਕ ਵਾਲੀ ਦਿੱਖ ਸਿਆਸੀ ਮੈਦਾਨ ਲਈ ਵਰਦਾਨ ਮੰਨੀ ਜਾਂਦੀ ਹੈ। ਅਜਹਿੀ ਹੀ ਦਿੱਖ ਕਾਰਨ ਬਣੇ ਵਕਾਰ ਕਰਕੇ ਉਨ੍ਹਾਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਧੂਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ । ਧੂਰੀ ਨਿਰੋਲ ਪੇਂਡੂ ਹਲਕਾ ਹੋਣ ਕਾਰਨ ਕਾਂਗਰਸ ਪਾਰਟੀ ਲਈ ਵਾਟਰਲੂ ਦਾ ਮੈਦਾਨ ਮੰਨਿਆ ਜਾਂਦਾ ਸੀ ਜਿੱਥੇ ਅਰਵਿੰਦ ਖੰਨਾ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਕਰਕੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਦਾ ਜੰਮ ਕੇ ਸਾਥ ਦਿੱਤਾ ਸੀ। ਅਰਵਿੰਦ ਖੰਨਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਕੇ ਆਪਣੀ ਸਿਆਸੀ ਯੋਗਤਾ ਸਿੱਧ ਕਰਨ ’ਚ ਸਫਲ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਅਤੇ ਮਿਸ਼ਨ 2027 ਲਈ ਥਾਪੜਾ ਵੀ ਦੇ ਦਿੱਤਾ ਹੈ।
ਸੂਤਰ ਦੱਸਦੇ ਹਨ ਕਿ ਅਰਵਿੰਦ ਖੰਨਾ ਸੰਗਰੂਰ ਜਾਂ ਧੂਰੀ ਦੋਵਾਂ ਹਲਕਿਆਂ ਚੋਂ ਕਿਸੇ ਇੱਕ ਤੋਂ ਸਿਆਸੀ ਤੌਰ ਤੇ ਮਜਬੂਤ ਉਮੀਦਵਾਰ ਹੋ ਸਕਦੇ ਹਨ ਜੋਕਿ ਵਿਰੋਧੀਆਂ ਲਈ ਖਤਰੇ ਦੀ ਘੰਟੀ ਹੈ। ਹਾਲਾਂਕਿ ਮੈਦਾਨ ’ਚ ਹੋਰ ਵੀ ਧਿਰਾਂ ਮੌਜੂਦ ਹਨ ਜਿੰਨ੍ਹਾਂ ਕਰਕੇ ਸਿਆਸੀ ਊਠ ਕਿਸ ਕਰਵਟ ਬੈਠੇਗਾ ਇਹ ਤਾਂ ਵਕਤ ਹੀ ਦੱਸੇਗਾ ਪਰ ਅਰਵਿੰਦ ਖੰਨਾ ਦੀ ਚੋਣ ਮੈਦਾਨ ’ਚ ਮੌਜੂਦਗੀ ਹਾਕਮ ਧਿਰ ਆਮ ਆਦਮੀ ਪਾਰਟੀ , ਭਾਜਪਾ ਅਤੇ ਕਾਂਗਰਸ ਪਾਰਟੀ ’ਤੇ ਭਾਰੂ ਪੈਣ ਦੀ ਸੰਭਾਵਨਾ ਹੈ। ਦਰਅਸਲ ਅਰਵਿੰਦ ਖੰਨਾ ਪਹਿਲੀ ਵਾਰ 2015 ਵਿੱਚ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਕਾਰਨ ਵੱਡੀ ਪੱਧਰ ’ਤੇ ਚਰਚਾ ਵਿੱਚ ਆਏ ਸਨ ਜਿਸ ਦਾ ਕਾਰਨ ਸਿਆਸੀ ਰੁਝੇਵਿਆਂ ਕਾਰਨ ਆਪਣੇ ਕਾਰੋਬਾਰ ਵੱਲ ਧਿਆਨ ਨਾਂ ਦੇਣਾ ਦੱਸਿਆ ਸੀ। ਹਾਲਾਂਕਿ ਉਦੋਂ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਪਰ ਜਦੋਂ ਦੁਬਾਰਾ ਅਸਤੀਫ਼ਾ ਦੇ ਦਿੱਤਾ ਤਾਂ ਪ੍ਰਵਾਨ ਕਰਨਾ ਪਿਆ ਸੀ।
ਸਿਆਸੀ ਤੌਰ ’ਤੇ ਕਾਫੀ ਸਮਾਂ ਸ਼ਾਂਤ ਰਹਿਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਦਿੱਗਜ ਆਗੂ ਰਹੇ ਅਰਵਿੰਦ ਖੰਨਾ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਉਪ-ਪ੍ਰਧਾਨ ਵੀ ਨਿਯੁਕਤ ਕੀਤਾ ਸੀ। ਅਰਵਿੰਦ ਖੰਨਾ ਨੇ ਭਾਜਪਾ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਸੰਗਰੂਰ ਹਲਕੇ ਤੋਂ ਲੜੀਆਂ ਸਨ। ਹਾਲਾਂਕਿ ਇੰਨ੍ਹਾਂ ਦੋਵਾਂ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗੌਰਤਲਬ ਹੈ ਕਿ ਕਿਸੇ ਸਮੇਂ ਅਰਵਿੰਦ ਖੰਨਾ ਦਾ ਨਾਂਅ ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ਦੀਆਂ ਮੋਹਰੀ ਸਫ਼ਾਂ ਵਿੱਚ ਆਉਂਦਾ ਰਿਹਾ ਹੈ। ਇਸ ਨੂੰ ਸੰਜੋਗ ਹੀ ਕਿਹਾ ਜਾ ਸਕਦਾ ਹੈ ਕਿ ਅਰਵਿੰਦ ਖੰਨਾ ਦੋ ਵਾਰ ਵਿਧਾਇਕ ਕਾਂਗਰਸ ਦੀ ਟਿਕਟ ਦੀ ਚੋਣ ਜਿੱਤਣ ਕਾਰਨ ਬਣੇ ਸਨ। ਕਾਂਗਰਸ ਦੇ ਧਾਕੜ ਲੀਡਰਾਂ ’ਚ ਸ਼ਮੁਾਰ ਹੁੰਦੇ ਖੰਨਾ ਨੇ ਸੰਗਰੂਰ ਵਿੱਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ।
ਇਸ ਤੋਂ ਪਹਿਲਾਂ ਅਰਵਿੰਦ ਖੰਨਾ ਨੇ ‘ਉਮੀਦ’ ਨਾਂ ਦੀ ਸੰਸਥਾ ਬਣਾਈ ਅਤੇ ਪਿੰਡ-ਪਿੰਡ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਆਪਣੇ ਅਸਰ ਰਸੂਖ ਕਾਰਨ ਵੱਡੀ ਗਿਣਤੀ ਬੇਰੁਜ਼ਗਾਰ ਮੁੰਡੇ ਕੁੜੀਆਂ ਨੌਕਰੀਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸੰਗਰੂਰ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਚੁੱਕਿਆ ਸੀ। ਅਰਵਿੰਦ ਖੰਨਾ ਨੇ 2002 ’ਚ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਚੋਣ ਜਿੱਤੀ ਸੀ। ਸਾਲ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਰਵਿੰਦ ਖੰਨਾ ਅਕਾਲੀ ਦਲ ਦੇ ਥੰਮ੍ਹ ਸੁਖਦੇਵ ਸਿੰਘ ਢੀਂਡਸਾ ਤੋਂ ਮਾਮੂਲੀ ਵੋਟਾਂ ਨਾਲ ਹਾਰ ਗਏ ਸਨ। ਸਿਆਸੀ ਤੌਰ ’ਤੇ ਸ਼ਾਂਤ ਰਹਿਣ ਦੇ ਬਾਵਜੂਦ ਹੁਣ ਵੀ ਅਰਵਿੰਦ ਖੰਨਾ ਦੇ ਹਮਾਇਤੀਆਂ ਦੀ ਗਿਣਤੀ ਬਰਕਰਾਰ ਹੈ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਲਈ ਰਾਹ ਔਖੀ ਹੈ ਪਰ ਚੋਣ ਮੈਦਾਨ ’ਚ ਅਰਵਿੰਦ ਖੰਨਾ ਅਤੇ ਵਿਰੋਧੀਆਂ ਵਿਚਕਾਰ ਜਬਰਦਸਤ ਮੁਕਾਬਲੇ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।