SC ਕਮਿਸ਼ਨ ਅੱਗੇ ਫਿਰ ਪੇਸ਼ ਨਹੀਂ ਹੋਏ ਰਵਨੀਤ ਬਿੱਟੂ: ਵਕੀਲ ਨੂੰ ਲੱਗੀ ਫਿਟਕਾਰ; ਹੁਣ 24 ਜੂਨ ਲਈ ਕੀਤੇ ਗਏ ਤਲਬ
Babushahi Network
ਚੰਡੀਗੜ੍ਹ, 15 ਜੂਨ 2026: ਪੁਲਿਸ ਮੁਲਾਜ਼ਮਾਂ 'ਤੇ ਕਥਿਤ ਤੌਰ 'ਤੇ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਫਿਰ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ। ਬਿੱਟੂ ਦੀ ਜਗ੍ਹਾ ਉਨ੍ਹਾਂ ਦੇ ਵਕੀਲ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਮੀਟਿੰਗਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ। ਇਸ ਗੱਲ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਿੱਟੂ ਦੇ ਵਕੀਲ ਦੀ ਜ਼ਬਰਦਸਤ ਝਾੜ ਲਗਾਈ ਅਤੇ ਹੁਣ ਰਵਨੀਤ ਬਿੱਟੂ ਨੂੰ 24 ਜੂਨ ਲਈ ਦੁਬਾਰਾ ਤਲਬ ਕਰ ਲਿਆ ਹੈ।
ਸੁਣਵਾਈ ਦੌਰਾਨ ਜਦੋਂ ਰਵਨੀਤ ਬਿੱਟੂ ਦੇ ਵਕੀਲ ਨੇ ਮੀਟਿੰਗਾਂ ਦਾ ਬਹਾਨਾ ਬਣਾਇਆ ਤਾਂ ਕਮਿਸ਼ਨ ਬੇਹੱਦ ਸਖ਼ਤ ਨਜ਼ਰ ਆਇਆ। ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ, "ਬੀਤੀ 4 ਜੂਨ ਨੂੰ ਤੁਸੀਂ (ਰਵਨੀਤ ਸਿੰਘ ਬਿੱਟੂ) ਖ਼ੁਦ ਅਗਲੀ ਸੁਣਵਾਈ ਲਈ 15 ਜੂਨ (ਅੱਜ) ਦੀ ਤਾਰੀਖ਼ ਮੰਗੀ ਸੀ। ਕੀ ਤੁਹਾਨੂੰ ਉਸ ਸਮੇਂ ਇਨ੍ਹਾਂ ਮੀਟਿੰਗਾਂ ਬਾਰੇ ਪਤਾ ਨਹੀਂ ਸੀ?" ਉਨ੍ਹਾਂ ਅੱਗੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਤੁਹਾਡੀ ਪਲੈਨਿੰਗ (ਯੋਜਨਾਬੰਦੀ) ਵਿੱਚ ਕਮੀ ਹੈ ਜਾਂ ਫਿਰ ਤੁਹਾਡੀ ਕੋਈ ਬਦਨੀਤੀ ਹੈ, ਜਿਸ ਕਾਰਨ ਜਾਂਚ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ 'ਤੇ ਪੁਲਿਸ ਕਰਮਚਾਰੀਆਂ ਵਿਰੁੱਧ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਟਿੱਪਣੀਆਂ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਐਸ.ਸੀ. ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਕਿਸੇ ਵੀ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ 24 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ 'ਤੇ ਰਵਨੀਤ ਬਿੱਟੂ ਖ਼ੁਦ ਕਮਿਸ਼ਨ ਦੇ ਸਾਹਮਣੇ ਪੇਸ਼ ਹੁੰਦੇ ਹਨ ਜਾਂ ਨਹੀਂ।
- Download Babushahi App
-
-