Political Special - ਨਿਗਮ ਚੋਣਾਂ : ਅੰਦਰੂਨੀ ਖਿੱਚੋਤਾਣ ਕਾਰਨ ਪਿਆ ਸਿਆਸੀ ਤੱਕੜੀ ਵੱਟਿਆਂ ’ਚ ਖਿਲਾਰਾ
ਅਸ਼ੋਕ ਵਰਮਾ
ਬਠਿੰਡਾ, 30 ਮਈ 2026 : ਨਗਰ ਨਿਗਮ ਚੋਣਾਂ ਦੌਰਾਨ ਬਾਦਲ ਪ੍ਰੀਵਾਰ ਦੀ ਸਿਆਸੀ ਰਾਜਧਾਨੀ ਮੰਨੇ ਜਾਂਦੇ ਬਠਿੰਡਾ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ। ਇੰਨ੍ਹਾਂ ਚੋਣਾਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਪ੍ਰਚਾਰ ਕਰਨ ਦੇ ਬਾਵਜੂਦ ਅਕਾਲੀ ਉਮੀਦਵਾਰ ਮਸਾਂ ਤਿੰਨ ਵਾਰਡਾਂ ’ਚ ਚੋਣ ਜਿੱਤ ਸਕੇ ਹਨ ਜਦੋਂਕਿ 2021 ’ਚ ਆਪਣੇ ਸਭ ਤੋਂ ਮਾੜੇ ਦੌਰ ਦੌਰਾਨ ਅਕਾਲੀ ਦਲ ਨਗਰ ਨਿਗਮ ਦੇ 7 ਵਾਰਡਾਂ ਵਿੱਚ ਜਿੱਤਣ ’ਚ ਸਫਲ ਰਿਹਾ ਸੀ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਤਿੰਨਾਂ ਉਮੀਦਵਾਰਾਂ ਚੋਂ ਦੋ ਦੀ ਜਿੱਤ ਨਿੱਜੀ ਅਸਰ ਰਸੂਖ ਦਾ ਸਿੱਟਾ ਦੱਸੀ ਜਾ ਰਹੀ ਹੈ। ਇੰਨ੍ਹਾਂ ਚੋਂ ਵਾਰਡ ਨੰਬਰ 11 ਤੋਂ ਹਲਕਾ ਇੰਚਾਰਜ ਇਕਬਾਲ ਸਿੰਘ ਢਿੱਲੋਂ ਨਾਲ ਸਬੰਧਤ ਢਿੱਲੋਂ ਪ੍ਰੀਵਾਰ ਦੀ ਨੂੰਹ ਸ਼ੈਰੀ ਗੋਇਲ ਸ਼ਾਮਲ ਹੈ ਜਿੰਨ੍ਹਾਂ ਨੂੰ 1563 ਵੋਟਾਂ ਪਈਆਂ ਹਨ ਜਦੋਂਕਿ ਉਨ੍ਹਾਂ ਦੀ ਵਿਰੋਧੀ ਭਾਜਪਾ ਉਮੀਦਵਾਰ ਸਿਰਫ 230 ਵੋਟਾਂ ਲਿਜਾ ਸਕੀ ਹੈ।
ਇਸੇ ਤਰਾਂ ਹੀ ਵਾਰਡ ਨੰਬਰ 27 ਤੋਂ ਚੋਣ ਜਿੱਤੀ ਪਰਮਜੀਤ ਕੌਰ ਸਿੱਧੂ ਦੀ ਜਿੱਤ ਦਾ ਸਿਹਰਾ ਉਨ੍ਹਾਂ ਦੇ ਪਤੀ ਐਡਵੋਕੇਟ ਰਾਜਬਿੰਦਰ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ। ਐਡਵੋਕੇਟ ਸਿੱਧੂ ਟਕਸਾਲੀ ਅਕਾਲੀ ਆਗੂ ਹਨ ਅਤੇ ਸ਼ੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਕੌਂਸਲਰ ਵੀ ਰਹੇ ਹਨ। ਉਨ੍ਹਾਂ ਦਾ ਆਪਣੇ ਇਲਾਕੇ ’ਚ ਚੰਗਾ ਰਸੂਖ ਹੈ ਜਿਸ ਕਰਕੇ ਵਾਰਡ ਦੀ ਹੱਦਬੰਦੀ ਵੀ ਇਸ ਪ੍ਰੀਵਾਰ ਦੀ ਜਿੱਤ ਦਾ ਰਾਹ ਨਹੀਂ ਰੋਕ ਸਕੀ ਹੈ। ਪਰਮਜੀਤ ਕੌਰ ਨੂੰ 1307 ਵੋਟਾਂ ਪਈਆਂ ਜਦੋਂ ਵਿਰੋਧੀ ਅਜਾਦ ਉਮੀਦਵਾਰ ਦਾ ਇਹ ਅੰਕੜਾ 764 ਸੀ। ਇਸੇ ਤਰਾਂ ਹੀ ਵਾਰਡ ਨੰਬਰ 26 ਤੋਂ ਅਕਾਲੀ ਉਮੀਦਵਾਰ ਮੱਖਣ ਸਿੰਘ ਵੀ ਅਜਾਦ ਉਮੀਦਵਾਰ ਕੁਲਦੀਪ ਸਿੰਘ ਨੂੰ ਹਰਾਕੇ ਜਿੱਤਿਆ ਹੈ। ਹੁਣ ਇੱਕ ਨਜ਼ਰ ਹਾਰਨ ਵਾਲੇ ਪ੍ਰਮੁੱਖ ਨਜ਼ਰ ਮਾਰੀਏ ਤਾਂ ਵਾਰਡ ਨੰਬਰ 37 ਤੋਂ ਖੂਨਦਾਨੀ ਬੀਰੂ ਬਾਂਸਲ ਦੀ ਪਤਨੀ ਸਵਿਤਾ ਬਾਂਸਲ ਹੈ ਜਿਸ ਨੂੰ ਵਿਰੋਧੀਆਂ ਵੱਲੋਂ ਵੀ ਜੇਤੂਆਂ ’ਚ ਮੰਨਿਆ ਜਾਂਦਾ ਸੀ।
ਇਸ ਤੋਂ ਇਲਾਵਾ 18 ਉਮੀਦਵਾਰ ਦੂਸਰੇ ਸਥਾਨ ’ਤੇ ਰਹੇ ਹਨ ਜਿੰਨ੍ਹਾਂ ’ਚ ਵਾਰਡ ਨੰਬਰ 40 ਤੋਂ ਹਾਰਿਆ ਸਾਬਕਾ ਕੌਂਸਲਰ ਵਿਜੇ ਸ਼ਰਮਾ ਵੀ ਹੈ। ਹੁਣ ਬਾਕੀ ਉਮੀਦਵਾਰਾਂ ਦਾ ਕੀ ਬਣਿਆ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਸ਼ਹਿਰ ਦੀ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ੋਮਣੀ ਅਕਾਲੀ ਦਲ ਦੀ ਇਸ ਹਾਲਤ ਦਾ ਕਾਰਨ ਸ਼ਹਿਰ ਦੇ ਕੁੱਝ ਟਕਸਾਲੀ ਆਗੂਆਂ ਨੂੰ ਸਿਆਸੀ ਤੌਰ ’ਤੇ ਨੁੱਕਰੇ ਲਾਉਣਾ ਹੈ, ਜੋ ਵਿਧਾਨ ਸਭਾ ਚੋਣਾਂ 2027 ਮੌਕੇ ਪਾਰਟੀ ਲਈ ਸਿਆਸੀ ਤੌਰ ’ਤੇ ਮਹਿੰਗਾ ਪੈ ਸਕਦਾ ਹੈ। ਪਾਰਟੀ ਦੇ ਇੱਕ ਮੁਕਾਮੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਮੰਨਿਆ ਕਿ ਇਸ ਸ਼ਰਮਨਾਕ ਹਾਰ ਦਾ ਮੁੱਖ ਕਾਰਨ ਪਾਰਟੀ ਆਗੂਆਂ ਵਿਚਲੀ ਅੰਦਰੂਨੀ ਖਿੱਚੋਤਾਣ ਬਣੀ ਹੈ। ਅਕਾਲੀ ਹਲਕਿਆਂ ਨੇ ਦੱਸਿਆ ਕਿ ਕੁੱਝ ਅਕਾਲੀ ਆਗੂ ਅੰਦਰੋ ਅੰਦਰੀ ਟਕਸਾਲੀ ਆਗੂ ਅਤੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਨੂੰ ਸ਼ਹਿਰੀ ਜਿਲ੍ਹਾ ਪ੍ਰਧਾਨ ਬਨਾਉਣ ਤੋਂ ਦਿਲੋਂ ਖੁਸ਼ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਇਹੋ ਕਾਰਨ ਹੈ ਕਿ ਕਈ ਅਕਾਲੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਗੁਰਸੇਵਕ ਮਾਨ ਦੀ ਫੋਟੋ ਹੀ ਨਹੀਂ ਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਕਈ ਸਮਰਥਕ ਸ਼ੁਰੂਆਤੀ ਚੋਣ ਪ੍ਰਚਾਰ ’ਚ ਤਾਂ ਅੱਗੇ ਆਏ ਸਨ ਪਰ ਜਦੋਂ ਸਿਆਸੀ ਘੁਟਣ ਮਹਿਸੂਸ ਹੋਈ ਤਾਂ ਉਨ੍ਹਾਂ ਚੁੱਪ ਵੱਟ ਲਈ ਜਿਸ ਦਾ ਖਮਿਆਜਾ ਪਾਰਟੀ ਉਮੀਦਵਾਰਾਂ ਨੂੰ ਚੋਣ ਨਤੀਜਿਆਂ ਦੌਰਾਨ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਂ ਕਈ ਆਗੂ ਤਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵੀ ਚੰਗਾ ਪ੍ਰਭਾਵ ਰੱਖਦੇ ਹਨ। ਉਨ੍ਹਾਂ ਇਹ ਗੱਲ ਮੰਨੀ ਕਿ ਚਰਚਾ ਸੀ ਕਿ ਪਾਰਟੀ ਇੱਕ ਦਰਜਨ ਵਾਰਡਾਂ ’ਚ ਜਿੱਤ ਪ੍ਰਾਪਤ ਕਰੇਗੀ ਪਰ ਇਹ ਗਿਣਤੀ 4 ਤੱਕ ਵੀ ਨਾਂ ਪੁੱਜ ਸਕੀ। ਹੁਣ ਪ੍ਰਧਾਨ ਸੁਖਬੀਰ ਬਾਦਲ ਇਸ ਸਥਿਤੀ ਨਾਲ ਕਿਸ ਤਰਾਂ ਨਜਿੱਠਦੇ ਹਨ ਇਹ ਤਾਂ ਸਮਾਂ ਦੱਸੇਗਾ ਪਰ ਪਾਰਟੀ ਦੀ ਇਹ ਹੋਣੀ ਅਗਾਮੀ ਵਿਧਾਨ ਸਭਾ ਚੋਣਾਂ ਦੇ ਮਾਮਲੇ ’ਚ ਸ਼ੀਸ਼ਾ ਦਿਖਾਉਣ ਵਾਲੀ ਹੈ।
ਹਾਲਾਂਕਿ ਜਨਤਕ ਤੌਰ ’ਤੇ ਤਾਂ ਸਾਹਮਣੇ ਨਹੀਂ ਆਇਆ ਪਰ ਅਕਾਲੀ ਦਲ ’ਚ ਅੰਦਰੋ ਅੰਦਰੀ ਲੀਡਰਸ਼ਿਪ ਤਬਦੀਲੀ ਦੀ ਘੁਸਰ ਮੁਸਰ ਛਿੜ ਗਈ ਹੈ। ਇਸ ਤਰਾਂ ਦੀ ਚਰਚਾ ਕਰਨ ਵਾਲੇ ਆਗੂ ਭਾਵੇਂ ਫ਼ਿਲਹਾਲ ਚੁੱਪ ਹਨ ਪਰ ਉਨ੍ਹਾਂ ਦੀ ਸਿਆਸੀ ਚੁੱਪ ਕਾਫੀ ਭੇਤ ਭਰੀ ਹੈ। ਬਠਿੰਡਾ ਦੇ ਪੁਰਾਣੇ ਪਰਿਵਾਰਾਂ ’ਚੋਂ ਇੱਕ ਅਜਿਹਾ ਪਰਿਵਾਰ ਵੀ ਹੈ ਜੋ ਬਾਦਲ ਪ੍ਰੀਵਾਰ ਦੇ ਕਾਫੀ ਨਜ਼ਦੀਕ ਮੰਨਿਆ ਜਾਂਦਾ ਹੈ ਪਰ ਸਥਾਨਕ ਲੀਡਰਸ਼ਿਪ ਦੀ ਅਣਦੇਖੀ ਤੋਂ ਅੰਦਰੋਂ ਅੰਦਰੀਂ ਕਾਫ਼ੀ ਪ੍ਰੇਸ਼ਾਨ ਹੈ। ਅਕਾਲੀ ਆਗੂਆਂ ਨੇ ਜਿਸ ਤਰੀਕੇ ਨਾਲ ਇਸ ਪ੍ਰੀਵਾਰ ਨੂੰ ਅਣਗੌਲਿਆ ਕੀਤਾ ਹੈ, ਉਸ ਤੋਂ ਸ਼ਹਿਰ ਦੇ ਕਈ ਟਕਸਾਲੀ ਪਰਿਵਾਰ ਵੀ ਔਖ ਵਿੱਚ ਹਨ। ਇੱਕ ਟਕਸਾਲੀ ਆਗੂ ਨੇ ਕਿਹਾ ਕਿ ਪਾਰਟੀ ਨੂੰ ਨਤੀਜਿਆਂ ਦੀ ਪੁਣਛਾਣ ਕਰਨੀ ਚਾਹੀਦੀ ਹੈ ਨਹੀਂ ਤਾਂ 2027 ਦੇ ਰਾਹ ਔਖੇ ਹੋ ਜਾਣੇ ਹਨ। ਚਰਚੇ ਹਨ ਕਿ ਜੇ ਇਹ ਅਣਦੇਖੀ ਜਾਰੀ ਰੱਖੀ ਤਾਂ ਕਈ ਟਕਸਾਲੀ ਬਗਾਵਤ ਦਾ ਬਿਗਲ ਵਜਾ ਸਕਦੇ ਹਨ।
ਕੋਈ ਖਿੱਚੋਤਾਣ ਨਹੀਂ : ਬਬਲੀ ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪਾਰਟੀ ’ਚ ਕਿਸੇ ਕਿਸਮ ਦੀ ਅੰਦਰੂਨੀ ਖਿੱਚੋਤਾਣ ਸਬੰਧੀ ਚਰਚਾ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਜੋਰ ’ਤੇ ਇਹ ਚੋਣਾਂ ਜਿੱਤੀਆਂ ਨਹੀਂ ਲੁੱਟੀਆਂ ਗਈਆਂ ਹਨ ਜਿਸ ਕਰਕੇ ਕਈ ਅਕਾਲੀ ਉਮੀਦਵਾਰ ਹਾਰ ਗਏ। ਉਨ੍ਹਾਂ ਕਿਹਾ ਕਿ ਹਾਰ ਦਾ ਇੱਕ ਕਾਰਨ ਗਿਣਤੀ ਦੌਰਾਨ ਹੋਈਆਂ ਕਥਿਤ ਧਾਂਦਲੀਆਂ ਵੀ ਹਨ।
- Download Babushahi App
-
-