ਵਾਰਡ ਨੰ. 22 ਵਿੱਚ ਲੱਗੇ ਬੱਚਿਆਂ ਦੇ ਝੂਲਿਆਂ ਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਉਦਘਾਟਨ
ਸੰਸਦ ਮੈਂਬਰ ਵੱਲੋਂ ਆਪਣੇ ਐਮ.ਪੀ ਕੋਟੇ ਵਿੱਚੋਂ ਜਾਰੀ ਕੀਤੀ ਗਈ ਸੀ ਗਰਾਂਟ
ਪ੍ਰਮੋਦ ਭਾਰਤੀ
ਚੰਡੀਗੜ੍ਹ, 29 ਮਈ,2026
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਵਾਰਡ ਨੰਬਰ 22 ਅਧੀਨ ਆਉਂਦੇ ਸੈਕਟਰ 31, 32 ਅਤੇ 33 ਵਿੱਚ 8 ਪਾਰਕਾਂ ਅੰਦਰ ਬੱਚਿਆਂ ਲਈ ਲਗਾਏ ਗਏ ਝੂਲਿਆਂ ਦਾ ਅੱਜ ਉਦਘਾਟਨ ਕੀਤਾ ਗਿਆ, ਜਿਨਾਂ ਵਾਸਤੇ ਉਹਨਾਂ ਨੇ ਆਪਣੇ ਸੰਸਦੀ ਕੋਟੇ ਵਿੱਚੋਂ ਗਰਾਂਟ ਜਾਰੀ ਕੀਤੀ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਸਣੇ ਹੋਰ ਵੀ ਪਤਵੰਤੀਆਂ ਸ਼ਖਸ਼ੀਅਤਾਂ ਮੌਜੂਦ ਰਹੀਆਂ।
ਇਸ ਮੌਕੇ ਮੌਜੂਦਗੀ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਵਾਸਤੇ ਵੱਖ-ਵੱਖ ਕਾਰਜਾਂ ਲਈ ਆਪਣੇ ਐਮ.ਪੀ ਕੋਟੇ ਵਿੱਚੋਂ ਲਗਾਤਾਰ ਗਰਾਂਟ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 22 ਅਧੀਨ ਆਉਂਦੇ ਸੈਕਟਰ 31, 32 ਅਤੇ 33 ਦੀਆ ਪਾਰਕਾਂ ਵਿੱਚ ਝੂਲੇ ਲਗਾਉਣ ਸਬੰਧੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ। ਇਸ ਤੋਂ ਇਲਾਵਾ, ਸ਼ਹਿਰ ਦੇ ਹੋਰ ਵੀ ਕਈ ਵਿਕਾਸ ਦੇ ਕੰਮ ਹਨ, ਜਿਹੜੇ ਆਉਂਦੇ ਦਿਨਾਂ ਦੌਰਾਨ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਤਿਵਾੜੀ ਨੇ ਕਿਹਾ ਕਿ ਉਹ ਨਾ ਸਿਰਫ ਆਪਣੇ ਐਮ.ਪੀ ਕੋਟੇ ਵਿੱਚੋਂ ਗਰਾਂਟ ਜਾਰੀ ਕਰਕੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਬਲਕਿ ਵੱਖ-ਵੱਖ ਸਮੇਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਹਿਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੇ ਕਿਹਾ ਕਿ ਕਾਂਗਰਸ ਵਿਕਾਸ ਦੀ ਸਿਆਸਤ ਉੱਪਰ ਭਰੋਸਾ ਰੱਖਦੀ ਹੈ ਅਤੇ ਸ਼ਹਿਰ ਵਿੱਚ ਲਗਾਤਾਰ ਹੋ ਰਹੇ ਵਿਕਾਸ ਕਾਰਜ ਪਾਰਟੀ ਦੀ ਸੋਚ ਨੂੰ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਕਿ ਵਿਕਾਸ ਸਿਰਫ ਦਾਵੇ ਕਰਨ ਨਾਲ ਨਹੀਂ ਹੁੰਦਾ, ਬਲਕਿ ਜਮੀਨੀ ਪੱਧਰ ਤੇ ਨਜ਼ਰ ਵੀ ਆਉਣਾ ਚਾਹੀਦਾ ਹੈ।
ਉੱਥੇ ਹੀ, ਇਲਾਕਾ ਕੌਂਸਲਰ ਅੰਜੂ ਕਤਿਆਲ ਵੱਲੋਂ ਸੰਸਦ ਮੈਂਬਰ ਤਿਵਾੜੀ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਪ੍ਰਗਟਾਇਆ ਗਿਆ।
- Download Babushahi App
-
-