ਗਰਮੀ ਅਤੇ ਲੂਅ ਦੇ ਚਲਦਿਆਂ ਗੰਨੇ ਦੀ ਫ਼ਸਲ ਨੂੰ ਜ਼ਰੂਰਤ ਅਨੁਸਾਰ ਪਾਣੀ ਲਗਾਓ:ਕੇਨ ਕਮਿਸ਼ਨਰ
ਕੇਨ ਕਮਿਸ਼ਨਰ ਵੱਲੋਂ ਗੰਨੇ ਦੀ ਫ਼ਸਲ ਦੇ ਕੀਤੇ ਜਾ ਰਹੇ ਸਰਵੇਅ ਦਾ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ, 29 ਮਈ
ਹਰ ਸਾਲ ਜੂਨ ਜੁਲਾਈ ਮਹੀਨੇ ਦੌਰਾਨ ਗੰਨੇ ਦੀ ਫ਼ਸਲ ਦਾ ਸਹਿਕਾਰੀ ਅਤੇ ਨਿੱਜੀ ਖੰਡ ਵਲੋਂ ਸਰਵੇਅ ਕੀਤਾ ਜਾਂਦਾ ਹੈ ਤਾਂ ਗੰਨੇ ਦੀ ਫ਼ਸਲ ਹੇਠ ਰਕਬੇ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਸ ਅਨੁਸਾਰ ਕਲੰਡਰ ਨਿਰਧਾਰਤ ਕੀਤਾ ਜਾ ਸਕੇ। ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵਲੋਂ ਚੱਲ ਰਹੇ ਸਰਵੇਅ ਦੇ ਕੰਮ ਦਾ ਜਾਇਜ਼ਾ ਲੈਣ ਲਈ ਗੰਨਾ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਵਲੋਂ ਸਰਹੱਦੀ ਪਿੰਡਾਂ ਜੋਗਰ, ਮਰਾੜਾ , ਬਾਹਮਣੀ ਅਤੇ ਮਕੌੜਾ ਦਾ ਦੌਰਾ ਕੀਤਾ। ਦੌਰੇ ਦੌਰਾਨ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਗੰਨੇ ਦੀ ਫ਼ਸਲ ਨਾਲ ਸੰਬੰਧਤ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ। ਇਸ ਵਾਰ ਪੰਜਾਬ ਸਰਕਾਰ ਵਲੋਂ ਸਮੇਂ ਸਿਰ ਗੰਨੇ ਦੀ ਅਦਾਇਗੀ ਕਰਨ ਲਈ ਗੰਨਾ ਕਾਸ਼ਤਕਾਰਾਂ ਵਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ।
ਇਸ ਮੌਕੇ ਡਾਕਟਰ ਮਿੱਤਰ ਮਾਨ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ ( ਗੰਨਾ) ,ਬਿਕਰਮਜੀਤ ਸਿੰਘ ਖੈਹਰਾ ਮੁੱਖ ਗੰਨਾ ਵਿਕਾਸ ਅਫ਼ਸਰ,ਮਨਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਗੰਨਾ ਕਾਸ਼ਤ ਕਾਰ ਹਾਜ਼ਰ ਸਨ।
ਪਿੰਡ ਮਰਾੜਾ ਵਿਚ ਗੰਨਾ ਕਾਸ਼ਤਕਾਰਾਂ ਨਾਲ ਗਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੂਢੀ ਫਸਲ ਦੀ ਸੰਭਾਲ ਵੱਲ ਸਹੀ ਸਮੇਂ ਤੇ ਧਿਆਨ ਨਾਂ ਦੇਣ ਨਾਲ ਪੈਦਾਵਾਰ ਘਟਦੀ ਹੈ , ਜੋਂ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਅਤੀ ਦੀ ਗਰਮੀ ਅਤੇ ਲੂਅ ਨੁੰ ਮੁੱਖ ਰੱਖਦਿਆਂ ਗੰਨੇ ਦੀ ਫ਼ਸਲ ਨੂੰ 10-15 ਦਿਨ ਦੇ ਵਕਫੇ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਤਾਂ ਜੋਂ ਪਾਣੀ ਦੀ ਘਾਟ ਨਾਲ ਗੰਨੇ ਦੀ ਫ਼ਸਲ ਪ੍ਰਭਾਵਤ ਨਾਂ ਹੋ ਸਕੇ। ਉਨ੍ਹਾਂ ਕਿਹਾ ਕਿ ਗੰਨੇ ਦੀ ਚੰਗੀ ਗੁਣਵੱਤਾ ਅਤੇ ਵਧੇਰੇ ਪੈਦਾਵਾਰ ਲੈਣ ਲਈ ਗੰਨੇ ਦੀ ਮੂਢੀ ਫਸਲ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਜੇਕਰ ਸ਼ੁਰੂਆਤੀ ਪੜਾਅ ਦੌਰਾਨ ਮੂਢੀ ਫ਼ਸਲ ਦੀ ਸਹੀ ਦੇਖਭਾਲ ਨਾਂ ਕੀਤੀ ਜਾਵੇ ਤਾਂ ਗੰਨੇ ਦੀ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਘਟਦੀ ਹੈ ਜਿਸ ਨਾਲ ਗੰਨਾਂ ਕਾਸ਼ਤਕਾਰ ਅਤੇ ਖੰਡ ਮਿੱਲ ਦੋਹਾਂ ਨੁੰ ਆਰਥਿਕ ਨੁਕਸਾਨ ਹੁੰਦਾ ਹੈ। ਗੰਨੇ ਦੀ ਮੂਢੀ ਫਸਲ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਬੀਜੜ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਗੰਨੇ ਦੀ ਫ਼ਸਲ ਖਾਸ ਕਰਕੇ ਮੂਢੀ ਫਸਲ ਉੱਪਰ ਅਗੇਤੀ ਫੋਟ ਦੇ ਗੜੂਏ ਦਾ ਹਮਲਾ ਹੋਇਆ ਹੈ ਪ੍ਰੰਤੂ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਕੀੜੇ ਦਾ ਹਮਲਾ ਆਰਥਿਕ ਨੁਕਸਾਨ ਦੇ ਪੱਧਰ ਤੋਂ ਹੇਠਾਂ ਹੀ ਹੈ।
ਉਨ੍ਹਾਂ ਕਿਹਾ ਕਿ ਇਸ ਕੀੜੇ ਦੇ ਸ਼ੁਰੂਆਤੀ ਹਮਲੇ ਨੁੰ ਟਰਾਈਕੋ ਕਾਰਡ ਲਗਾ ਕੇ ਘਟਾਇਆ ਜਾ ਸਕਦਾ ਹੈ ਅਤੇ ਕਾਰਡ ਖੰਡ ਮਿੱਲਾਂ ਵਲੋਂ ਕਿਸਾਨਾਂ ਨੁੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਮਲਾ ਜ਼ਿਆਦਾ ਹੈ ਤਾਂ 10 ਕਿਲੋ ਫਿਪਰੋਨਿਲ ਪ੍ਰਤੀ ਏਕੜ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਮਿਲਾ ਕੇ ਗੰਨੇ ਦੀ ਫ਼ਸਲ ਦੀਆਂ ਲਾਈਨਾਂ ਦੇ ਨਾਲ ਨਾਲ ਕੇਰ ਦੇਣੀ ਚਾਹੀਦੀ ਹੈ ਅਤੇ ਬਾਅਦ ਵਿਚ ਪਾਣੀ ਲਗਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੂਨ ਦੇ ਅਖੀਰ ਵਿਚ ਅਤੇ ਜੁਲਾਈ ਦੇ ਸ਼ੁਰੂ ਵਿਚ 50 ਮਿਲੀ ਕਲੌਐਂਟਰਾਨਿਲੀਪਰੋਲ ਨੁੰ 400 ਲਿਟਰ ਪਾਣੀ ਦੇ ਘੋਲ ਵਿਚ ਗੰਨੇ ਦੀਆਂ ਲਾਈਨਾਂ ਦੇ ਨਾਲ ਨਾਲ ਪਾਂ ਦੇਣੀ ਚਾਹੀਦੀ ਹੈ ਅਤੇ ਬਾਅਦ ਵਿਚ ਪਾਣੀ ਲਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਪੁੰਗਰਨ ਤੋਂ 20-25 ਦਿਨਾਂ ਬਾਅਦ ਖੇਤ ਦਾ ਨਿਰੀਖਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਬਿਹਤਰ ਵਾਧੇ ਲਈ ਖਾਦਾਂ ਨੂੰ ਮੁੱਢਲੀ ਅਵਸਥਾ ਵਿਚ ਹੀ ਪਾ ਦੇਣਾ ਚਾਹੀਦਾ ।
ਉਨ੍ਹਾਂ ਕਿਹਾ ਕਿ ਮੂਢੀ ਫਸਲ ਨੂੰ ਬੀਜੜ ਫਸਲ ਨਾਲੋਂ 20% ਵੱਧ ਜਾਨੀ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਹਿੱਸਿਆਂ ਪਹਿਲੀ ਗੁਡਾਈ ਕਰਨ ਸਮੇਂ , ਦੂਜੀ ਅਪ੍ਰੈਲ ਮਈ ਅਤੇ ਤੀਜੀ ਜੂਨ ਦੇ ਅਖੀਰ ਵਿੱਚ ਪਾਉਣੀ ਚਾਹੀਦੀ ਚਾਹੀਦੀ ਹੈ। ਇਸ ਦੇ ਨਾਲ ਗੋਡੀ ਕਰਨ ਸਮੇਂ 150 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਪੋਟਾਸ਼ ਖਾਦ ਪਾਓ ਅਤੇ ਨਦੀਨਾਂ ਦਾ ਸਹੀ ਸਮੇਂ ਤੇ ਪ੍ਰਬੰਧਨ ਕਰਨਾ ਚਾਹੀਦਾ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੁੰ ਅਪੀਲ ਕੀਤੀ ਕਿ ਸਰਵੇਅ ਦੌਰਾਨ ਗੰਨਾ ਕਰਮਚਾਰੀਆਂ ਨੂੰ ਗੰਨੇ ਦੀ ਫ਼ਸਲ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ।ਗੰਨਾ ਵਿਕਾਸ ਅਧਿਕਾਰੀ ਬਿਕਰਮਜੀਤ ਸਿੰਘ ਖੈਹਰਾ ਨੇ ਦੱਸਿਆ ਕਿ ਖੰਡ ਮਿੱਲ ਵਲੋਂ ਕੀੜਿਆਂ ਦੀ ਰੋਕਥਾਮ ਤੇ ਵਾਜਬ ਮੁੱਲ ਤੇ ਕਲੋਐਂਟਰਾਨਿਲੀਪ੍ਰੋਲ ਅਤੇ ਕਲੋਰੋਪੈਰੀਫਾਸ ਦਿੱਤੀ ਜਾ ਰਹੀ ਹੈ ਤਾਂ ਜੋਂ ਗੰਨਾ ਕਾਸ਼ਤਕਾਰ ਸਮੇਂ ਸਿਰ ਇਹ ਕੀਟ ਨਾਸ਼ਕ ਵਰਤ ਕੇ ਕੀੜਿਆਂ ਦੀ ਰੋਕਥਾਮ ਕਰ ਸਕਣ।
- Download Babushahi App
-
-