ਮਹਿੰਗਾਈ ਨੂੰ ਲੈ ਕੇ ਕਾਂਗਰਸ ਦਾ ਕੇਂਦਰ ‘ਤੇ ਤਿੱਖਾ ਹਮਲਾ
ਪ੍ਰਮੋਦ ਭਾਰਤੀ , ਬਾਬੂਸ਼ਾਹੀ ਬਿਊਰੋ
ਲੁਧਿਆਣਾ, 13 ਮਈ,2026
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੀਆਂ ਨੀਤੀਆਂ ਨੇ ਗਰੀਬਾਂ, ਮਜ਼ਦੂਰ ਵਰਗ ਅਤੇ ਛੋਟੇ ਕਾਰੋਬਾਰੀਆਂ ਦੀ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ।
ਦੀਵਾਨ ਨੇ ਮੋਦੀ ਸਰਕਾਰ ਵੱਲੋਂ ਸੋਨੇ, ਚਾਂਦੀ ਅਤੇ ਪਲੇਟਿਨਮ ‘ਤੇ ਕਸਟਮ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ (ਅਤੇ ਪਲੇਟਿਨਮ ‘ਤੇ 15.4 ਫੀਸਦੀ) ਕਰਨ ਦੇ ਫੈਸਲੇ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ, ਕਿਹਾ ਹੈ ਕਿ ਇਸ ਫੈਸਲੇ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਵਧੀਆਂ ਡਿਊਟੀਆਂ ਕਾਰਨ ਭਾਰਤ ਵਿੱਚ ਸੋਨੇ, ਚਾਂਦੀ ਅਤੇ ਪਲੇਟਿਨਮ ਦੀਆਂ ਰਿਟੇਲ ਕੀਮਤਾਂ ਵਿੱਚ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਖਪਤਕਾਰਾਂ ‘ਤੇ ਵਾਧੂ ਦਾ ਬੋਝ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜਿਯੁਲਰੀ ਖੇਤਰ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰ ਪ੍ਰਦਾਤਾ ਅਤੇ ਨਿਰਯਾਤ ਕੇਂਦਰਿਤ ਉਦਯੋਗਾਂ ਵਿੱਚੋਂ ਇੱਕ ਹੈ, ਜਿਸ ਅੰਦਰ ਮੰਗ ਵਿੱਚ ਕਮੀ, ਘਟਦੇ ਮਾਰਜਿਨ ਅਤੇ ਮੈਨੂਫੈਕਚਰਿੰਗ ਤੇ ਰਿਟੇਲ ਚੇਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਸਕਦਾ ਹੈ। ਇਸ ਨਾਲ ਖਾਸ ਕਰਕੇ ਸੋਨੇ ਦੇ ਛੋਟੇ ਵਪਾਰੀ ਅਤੇ ਕਾਰੀਗਰ ਮੰਦੀ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਗੇ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਸਰਕਾਰ ਪਹਿਲਾਂ ਹੀ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਬਹੁਤ ਹੀ ਹਾਨੀਕਾਰਕ ਅਤੇ ਕਠੋਰ ਫੈਸਲਾ ਲੈ ਚੁੱਕੀ ਹੈ, ਜਿਸਦਾ ਸਿੱਧਾ ਅਸਰ ਘਰੇਲੂ ਬਜਟ ਅਤੇ ਛੋਟੇ ਕਾਰੋਬਾਰਾਂ ‘ਤੇ ਪਿਆ ਹੈ। ਦੀਵਾਨ ਨੇ ਕਿਹਾ ਕਿ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ 993 ਰੁਪਏ ਅਤੇ 5 ਕਿਲੋ ਵਾਲੇ ਸਿਲੰਡਰਾਂ ਵਿੱਚ 261 ਰੁਪਏ ਦਾ ਵਾਧਾ ਆਮ ਲੋਕਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਲਈ ਅਸਹਿਣਯੋਗ ਬੋਝ ਬਣ ਚੁੱਕਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਸਿਰਫ਼ ਘਰੇਲੂ ਰਸੋਈਆਂ ਤੱਕ ਸੀਮਿਤ ਨਹੀਂ ਰਹਿੰਦੀਆਂ ਹਨ, ਸਗੋਂ ਇਹ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰਦੀਆਂ ਹਨ, ਜਿਸ ਨਾਲ ਮਹਿੰਗਾਈ ਦਾ ਸੰਕਟ ਹੋਰ ਡੂੰਘਾ ਹੋ ਜਾਂਦਾ ਹੈ।
ਦੀਵਾਨ ਨੇ ਖੁਲਾਸਾ ਕੀਤਾ ਕਿ ਮਹਿੰਗਾਈ ਸਿਰਫ਼ ਐਲਪੀਜੀ ਤੱਕ ਸੀਮਿਤ ਨਹੀਂ ਰਹੀ ਹੈ। ਬਲਕਿ ਦਾਲਾਂ, ਸਬਜ਼ੀਆਂ ਅਤੇ ਖਾਣ ਵਾਲੇ ਤੇਲ ਵਰਗੀਆਂ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਆਵਾਜਾਈ ਖਰਚੇ ਵਧਣ ਕਾਰਨ ਦੇਸ਼ ਭਰ ਦੇ ਪਰਿਵਾਰਾਂ ਲਈ ਜੀਵਨ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਬਜਟ ਇਨ੍ਹਾਂ ਵਾਧਿਆਂ ਦੇ ਬੋਝ ਹੇਠ ਢਹਿ ਰਹੇ ਹਨ, ਛੋਟੀਆਂ ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਬੰਦ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਮਜ਼ਦੂਰ ਖਾਣ-ਪੀਣ ਅਤੇ ਇੰਧਨ ਵਰਗੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਹਨ।
ਇਸ ਦੌਰਾਨ ਕੇਂਦਰ ‘ਤੇ ਦੋਸ਼ ਲਗਾਉਂਦਿਆਂ, ਦੀਵਾਨ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਮਤਾਂ ਵਿੱਚ ਵਾਧਾ ਜਾਣ-ਬੁੱਝ ਕੇ ਰੋਕਿਆ ਰੱਖਿਆ ਗਿਆ ਅਤੇ ਹੁਣ ਲੋਕ-ਹਿਤ ਤੋਂ ਵੱਧ ਸਿਆਸੀ ਲਾਭ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਧਿਆਂ ਦਾ ਸਮਾਂ ਇਹ ਸਾਬਤ ਕਰਦਾ ਹੈ ਕਿ ਸਰਕਾਰ ਲਈ ਲੋਕਾਂ ਦੀ ਜ਼ਿੰਦਗੀ ਨਾਲੋਂ ਵੋਟਾਂ ਜ਼ਿਆਦਾ ਮਹੱਤਵਪੂਰਨ ਹਨ।
ਦੀਵਾਨ ਨੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੀ ਮੰਗ ਕਰਦਿਆਂ, ਕਿਹਾ ਕਿ ਜਿਵੇਂ ਪਹਿਲਾਂ ਵੀ ਚਿੰਤਾ ਜਤਾਈ ਗਈ ਸੀ, ਘਰੇਲੂ ਐਲਪੀਜੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਣਾ ਚਾਹੀਦਾ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਫ਼੍ਰੀਜ਼ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਘਰੇਲੂ ਪਰਿਵਾਰਾਂ ਅਤੇ ਯਾਤਰੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਕਮਰਸ਼ੀਅਲ ਐਲਪੀਜੀ ਕੀਮਤ ਵਾਧੇ ਨੂੰ ਵਾਪਸ ਲੈਣ ਅਤੇ ਸੋਨੇ-ਚਾਂਦੀ ‘ਤੇ ਕਸਟਮ ਡਿਊਟੀ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ, ਤਾਂ ਜੋ ਪਹਿਲਾਂ ਹੀ ਵਧ ਰਹੀਆਂ ਲਾਗਤਾਂ ਨਾਲ ਜੂਝ ਰਹੇ ਛੋਟੇ ਕਾਰੋਬਾਰਾਂ, ਢਾਬਿਆਂ ਅਤੇ ਮਜ਼ਦੂਰਾਂ ਦੀ ਰੱਖਿਆ ਕੀਤੀ ਜਾ ਸਕੇ।
ਦੀਵਾਨ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਕਾਂਗਰਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਚੋਣਾਂ ਤੋਂ ਬਾਅਦ ਕੀਮਤਾਂ ਵਿੱਚ ਤੇਜ਼ ਵਾਧਾ ਹੋਵੇਗਾ ਅਤੇ ਮੌਜੂਦਾ ਹਾਲਾਤ ਉਸ ਚਿੰਤਾ ਨੂੰ ਸਹੀ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਲੱਖਾਂ ਲੋਕਾਂ ਲਈ ਭੁੱਖ, ਤਕਲੀਫ਼ ਅਤੇ ਬੇਇਜ਼ਤੀ ਨਾਲ ਭਰਿਆ ਰੋਜ਼ਾਨਾ ਸੰਘਰਸ਼ ਹੈ ਅਤੇ ਸਰਕਾਰ ਨੂੰ ਸੰਕਟ ਹੋਰ ਬੇਕਾਬੂ ਹੋਣ ਤੋਂ ਪਹਿਲਾਂ ਕਮਜ਼ੋਰ ਵਰਗਾਂ ਨੂੰ ਰਾਹਤ ਦੇਣ ਲਈ ਫੈਸਲਾਕੁੰਨ ਕਦਮ ਚੁੱਕਣੇ ਚਾਹੀਦੇ ਹਨ।
- Download Babushahi App
-
-