ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਦਫ਼ਤਰ 'ਚ CBI ਦੀ ਰੇਡ ਜਾਰੀ; ਰਿਸ਼ਵਤਖ਼ੋਰੀ ਦੇ ਮਾਮਲੇ 'ਚ ਵਿਚੋਲਾ ਗ੍ਰਿਫ਼ਤਾਰ
Babushahi Network
ਚੰਡੀਗੜ੍ਹ 12 ਮਈ 2026- ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਵਾਲੇ ਵਿਜੀਲੈਂਸ ਵਿਭਾਗ ਦੇ ਆਪਣੇ ਹੀ ਦਫ਼ਤਰ ਵਿੱਚ ਉਸ ਵੇਲੇ ਹਲਚਲ ਤੇਜ਼ ਹੋ ਗਈ, ਜਦੋਂ ਕੇਂਦਰੀ ਜਾਂਚ ਏਜੰਸੀ (CBI) ਨੇ ਉੱਥੇ ਦਬਿਸ਼ ਦਿੱਤੀ। ਮਿਲੀ ਜਾਣਕਾਰੀ ਅਨੁਸਾਰ, ਸੀਬੀਆਈ ਦੀ ਟੀਮ ਬੀਤੀ ਰਾਤ ਤੋਂ ਹੀ ਵਿਜੀਲੈਂਸ ਦਫ਼ਤਰ ਵਿੱਚ ਮੌਜੂਦ ਹੈ ਅਤੇ ਲਗਾਤਾਰ ਛਾਪੇਮਾਰੀ ਜਾਰੀ ਹੈ।
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੀਬੀਆਈ ਨੇ ਇੱਕ ਵਿਚੋਲੇ ਰਾਘਵ ਗੋਇਲ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਜਾਲ ਵਿਛਾ ਕੇ ਇਸ ਵਿਚੋਲੇ ਨੂੰ ਕਾਬੂ ਕੀਤਾ, ਜਿਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਵੱਲੋਂ ਵਿਜੀਲੈਂਸ ਦਫ਼ਤਰ ਦੇ ਅੰਦਰ ਮੌਜੂਦ ਕਈ ਅਹਿਮ ਫਾਈਲਾਂ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦਫ਼ਤਰ ਦੇ ਅੰਦਰ ਮੌਜੂਦ ਕਈ ਅਧਿਕਾਰੀਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਬੀਆਈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਰਿਸ਼ਵਤਖ਼ੋਰੀ ਦੇ ਤਾਰ ਵਿਭਾਗ ਦੇ ਕਿਹੜੇ-ਕਿਹੜੇ ਉੱਚ ਅਧਿਕਾਰੀਆਂ ਨਾਲ ਜੁੜੇ ਹੋਏ ਹਨ।
ਹਮੇਸ਼ਾ ਦੂਜੇ ਵਿਭਾਗਾਂ 'ਤੇ ਛਾਪੇਮਾਰੀ ਕਰਨ ਵਾਲੇ ਵਿਜੀਲੈਂਸ ਦਫ਼ਤਰ ਵਿੱਚ ਹੋਈ ਇਸ ਕਾਰਵਾਈ ਨੇ ਪੂਰੇ ਪ੍ਰਸ਼ਾਸਨਿਕ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫਿਲਹਾਲ ਸੀਬੀਆਈ ਵੱਲੋਂ ਅਧਿਕਾਰਤ ਤੌਰ 'ਤੇ ਰਿਸ਼ਵਤ ਦੀ ਸਹੀ ਰਕਮ ਜਨਤਕ ਨਹੀਂ ਕੀਤੀ ਗਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਕਾਫ਼ੀ ਵੱਡਾ ਹੋ ਸਕਦਾ ਹੈ।
- Download Babushahi App
-
-