ਵੱਡੀ ਖ਼ਬਰ: CBI ਵੱਲੋਂ 20 ਲੱਖ ਦੀ ਰਿਸ਼ਵਤਖੋਰੀ ਮਾਮਲੇ 'ਚ ਭਾਜਪਾ ਆਗੂ ਸਮੇਤ ਤਿੰਨ ਗ੍ਰਿਫ਼ਤਾਰ
DGP ਵਿਜੀਲੈਂਸ ਦਾ ਰੀਡਰ ਓ.ਪੀ. ਰਾਣਾ ਫ਼ਰਾਰ
ਚੰਡੀਗੜ੍ਹ/ਮਲੋਟ, 12 ਮਈ 2026: ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਂ 'ਤੇ 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸੌਦਾ ਤੈਅ ਕਰਨ ਦੇ ਇਲਜ਼ਾਮ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਦੋ ਨਿੱਜੀ ਵਿਚੋਲੇ (ਮਲੋਟ ਦੇ ਭਾਜਪਾ ਆਗੂ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ) ਅਤੇ ਉਨ੍ਹਾਂ ਦਾ ਇੱਕ ਸਹਿਯੋਗੀ ਅੰਕਿਤ ਵਧਵਾ ਸ਼ਾਮਲ ਹਨ।
ਇਹ ਕਾਰਵਾਈ ਪੰਜਾਬ ਦੇ ਇੱਕ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਵਿਕਾਸ ਗੋਇਲ ਉਰਫ਼ ਵਿੱਕੀ ਅਤੇ ਉਸ ਦਾ ਪੁੱਤਰ ਰਾਘਵ ਗੋਇਲ, ਉਸ ਵਿਰੁੱਧ ਵਿਜੀਲੈਂਸ ਦਫ਼ਤਰ ਵਿੱਚ ਚੱਲ ਰਹੀ ਇੱਕ ਸ਼ਿਕਾਇਤ ਨੂੰ ਬੰਦ ਕਰਵਾਉਣ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਮੁਲਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਉਹ DGP ਵਿਜੀਲੈਂਸ ਦੇ ਰੀਡਰ ਓ.ਪੀ. ਰਾਣਾ ਸਮੇਤ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਮਾਮਲਾ ਰਫ਼ਾ-ਦਫ਼ਾ ਕਰਵਾ ਦੇਣਗੇ।
CBI ਨੇ 11 ਮਈ 2026 ਨੂੰ ਚੰਡੀਗੜ੍ਹ ਵਿੱਚ ਜਾਲ ਵਿਛਾਇਆ, ਜਿੱਥੇ ਮੁਲਜ਼ਮਾਂ ਦਾ ਸਹਿਯੋਗੀ ਅੰਕਿਤ ਵਧਵਾ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਗਦ ਅਤੇ ਇੱਕ 'ਸੈਮਸੰਗ ਗਲੈਕਸੀ ਜ਼ੈਡ ਫੋਲਡ-7' ਮੋਬਾਈਲ ਫ਼ੋਨ ਲੈਂਦਾ ਰੰਗੇ ਹੱਥੀਂ ਕਾਬੂ ਕੀਤਾ ਗਿਆ। ਕਾਰਵਾਈ ਦੌਰਾਨ ਜਦੋਂ ਗਨਮੈਨਾਂ ਨੇ CBI ਦੀ ਟੀਮ ਨੂੰ ਦੇਖਿਆ ਤਾਂ ਮੁਲਜ਼ਮ ਰਾਘਵ ਗੋਇਲ, ਵਿਕਾਸ ਗੋਇਲ ਅਤੇ ਰੀਡਰ ਓ.ਪੀ. ਰਾਣਾ ਮੌਕੇ ਤੋਂ ਫ਼ਰਾਰ ਹੋ ਗਏ। CBI ਨੇ ਪਿੱਛਾ ਕਰਕੇ ਰਾਘਵ, ਵਿਕਾਸ ਅਤੇ ਦੋ ਗਨਮੈਨਾਂ ਨੂੰ ਪੰਜਾਬ-ਹਰਿਆਣਾ ਬਾਰਡਰ 'ਤੇ ਅੰਬਾਲਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ, ਜਦਕਿ ਰੀਡਰ ਓ.ਪੀ. ਰਾਣਾ ਅਜੇ ਵੀ ਫ਼ਰਾਰ ਹੈ।
CBI ਨੇ ਮੁਲਜ਼ਮਾਂ ਦੇ ਮਲੋਟ ਸਥਿਤ ਨਿਵਾਸ ਅਤੇ ਓ.ਪੀ. ਰਾਣਾ ਦੇ ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ, ਜਿੱਥੋਂ 9 ਲੱਖ ਰੁਪਏ ਦੀ ਨਗਦੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੀਡਰ ਓ.ਪੀ. ਰਾਣਾ ਅਤੇ ਇਨ੍ਹਾਂ ਨਿੱਜੀ ਵਿਚੋਲਿਆਂ ਵਿਚਕਾਰ ਵਿਜੀਲੈਂਸ ਦੇ ਗੁਪਤ ਮਾਮਲਿਆਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਹੁੰਦਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਪੰਜਾਬ ਪੁਲਿਸ ਦੇ ਗਨਮੈਨ ਅਧਿਕਾਰਤ ਤੌਰ 'ਤੇ ਮਿਲੇ ਹੋਏ ਸਨ ਜੋ AK-47 ਰਾਈਫਲਾਂ ਨਾਲ ਲੈਸ ਸਨ। CBI ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਸਰਕਾਰੀ ਸੁਰੱਖਿਆ ਕਿਸ ਆਧਾਰ 'ਤੇ ਦਿੱਤੀ ਗਈ ਸੀ ਅਤੇ ਕੀ ਇਸ ਵਿੱਚ ਕੋਈ ਵੱਡਾ ਗਠਜੋੜ ਸ਼ਾਮਲ ਹੈ। ਮੁਲਜ਼ਮਾਂ ਨੂੰ ਜਲਦ ਹੀ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
- Download Babushahi App
-
-