ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਰੱਖਿਆ ਸਰਕਾਰੀ ਕਾਨੂੰਨਾਂ ਨਹੀਂ, ਸਿੱਖ ਪੰਥ ਦੀ ਪਹਿਰੇਦਾਰੀ ਨਾਲ ਸੰਭਵ: ਅਜੇਪਾਲ ਸਿੰਘ ਬਰਾੜ
ਬਾਬੂਸ਼ਾਹੀ ਬਿਊਰੋ
ਮੌਹਾਲੀ 13 ਮਈ, 2026 ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅੱਜ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਸਿੱਖ ਪੰਥ ਨਾਲ ਜੁੜੇ ਧਾਰਮਿਕ ਮਸਲਿਆਂ ਨੂੰ ਸਰਕਾਰੀ ਕਾਨੂੰਨਾਂ ਦੇ ਦਾਇਰੇ ਵਿੱਚ ਲਿਆਉਣਾ ਸਿੱਖ ਸਿਧਾਂਤਾਂ, ਰਵਾਇਤਾਂ ਅਤੇ ਪੰਥਕ ਖੁਦਮੁਖਤਿਆਰੀ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਮਾਣਾ ਮੋਰਚੇ ਦੌਰਾਨ ਮਿਸਲ ਸਤਲੁਜ ਨੇ ਸੋਚ-ਵਿਚਾਰ ਅਤੇ ਸਿਧਾਂਤਕ ਅਧਾਰ ‘ਤੇ ਇਹ ਫੈਸਲਾ ਕੀਤਾ ਸੀ ਕਿ ਮਿਸਲ ਸਤਲੁਜ ਜਥੇਬੰਦੀ ਉਸ ਮੋਰਚੇ ਵਿੱਚ ਸਾਮਲ ਨਹੀਂ ਹੋਈ ਸੀ।
ਸਰਦਾਰ ਬਰਾੜ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਕਈ ਰਾਜਨੀਤਿਕ ਪਾਰਟੀਆਂ, ਧਾਰਮਿਕ ਸ਼ਖਸੀਅਤਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਸਮਾਣਾ ਮੋਰਚੇ ਵਿੱਚ ਹਾਜ਼ਰੀ ਲਗਵਾਈ ਗਈ, ਪਰ ਮਿਸਲ ਸਤਲੁਜ ਦਾ ਸਟੈਂਡ ਸਪਸ਼ਟ ਸੀ ਕਿ ਸਿੱਖ ਧਾਰਮਿਕ ਮਸਲਿਆਂ ਦੇ ਹੱਲ ਲਈ ਸਰਕਾਰੀ ਕਾਨੂੰਨਾਂ ‘ਤੇ ਨਿਰਭਰਤਾ ਭਵਿੱਖ ਵਿੱਚ ਹੋਰ ਗੰਭੀਰ ਨਤੀਜੇ ਪੈਦਾ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਤੋਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧ ਸਰਕਾਰੀ ਕਾਨੂੰਨਾਂ ਦੇ ਅਧੀਨ ਆਏ ਹਨ, ਉਦੋਂ ਤੋਂ ਸਿੱਖ ਪੰਥ ਨੂੰ ਉਮੀਦਾਂ ਅਨੁਸਾਰ ਲਾਭ ਨਹੀਂ ਮਿਲੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਪਰ ਬਾਅਦ ਵਿੱਚ ਸਰਕਾਰਾਂ ਨੇ ਉਹਨਾਂ ਸੰਸਥਾਵਾਂ ਨੂੰ ਕਾਨੂੰਨੀ ਢਾਂਚਿਆਂ ਵਿੱਚ ਉਲਝਾ ਦਿੱਤਾ।
ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਪੂਰੀ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ ਅਤੇ ਸਿੱਖ ਸੰਸਥਾਵਾਂ ਦਾ ਪ੍ਰਬੰਧ ਸਿੱਖ ਰਵਾਇਤਾਂ, ਮਰਿਆਦਾਵਾਂ ਅਤੇ ਪੰਥਕ ਸਿਧਾਂਤਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਸਰਕਾਰੀ ਕਾਨੂੰਨਾਂ ਜਾਂ ਪ੍ਰਸ਼ਾਸਕੀ ਪ੍ਰਣਾਲੀਆਂ ਦੇ ਅਧੀਨ ਚਲਾਉਣਾ ਪੰਥ ਦੀ ਅਜ਼ਾਦ ਪਹਿਚਾਣ ਨੂੰ ਕਮਜ਼ੋਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਰੱਖਿਆ ਲਈ ਬਣਾਏ ਜਾ ਰਹੇ ਕਾਨੂੰਨਾਂ ਨੂੰ ਲੈ ਕੇ ਅੱਜ ਕਈ ਤਰ੍ਹਾਂ ਦੀਆਂ ਬਾਰੀਕੀਆਂ ਅਤੇ ਵਿਵਾਦ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਜੇ ਸਿੱਖ ਪੰਥ ਆਪਣੇ ਗੁਰੂ ਦੀ ਮਾਨ-ਮਰਿਆਦਾ ਅਤੇ ਅਦਬ ਦੀ ਰੱਖਿਆ ਖੁਦ ਨਹੀਂ ਕਰ ਸਕਦਾ ਤਾਂ ਸਰਕਾਰਾਂ ਤੋਂ ਇਹ ਉਮੀਦ ਰੱਖਣਾ ਇੱਕ ਵੱਡਾ ਭੁਲੇਖਾ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਪੰਥਕ ਵਿਚਾਰਧਾਰਾ ਸਿੱਖਾਂ ਨੂੰ ਇਹ ਸਿੱਖਾਉਂਦੀ ਹੈ ਕਿ ਗੁਰੂ ਘਰਾਂ ਦੀ ਪਹਿਰੇਦਾਰੀ ਅਤੇ ਮਰਿਆਦਾ ਦੀ ਸੰਭਾਲ ਸਿੱਖਾਂ ਦੀ ਆਪਣੀ ਜ਼ਿੰਮੇਵਾਰੀ ਹੈ। ਉਨ੍ਹਾਂ ਭਾਈ ਕਾਨ ਸਿੰਘ ਨਾਭਾ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਘਰ ਇੱਕ ਕਿਲ੍ਹੇ ਵਾਂਗ ਹੈ ਅਤੇ ਜੇ ਉੱਥੇ ਕੋਈ ਬੇਅਦਬੀ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਪੰਥ ‘ਤੇ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਸਲਿਆਂ ਦਾ ਹੱਲ ਸਿਰਫ਼ ਸਖ਼ਤ ਕਾਨੂੰਨ ਨਹੀਂ ਹੋ ਸਕਦੇ, ਕਿਉਂਕਿ ਪਿਛਲੇ ਸਾਲਾਂ ਵਿੱਚ ਵੀ ਕਈ ਘਟਨਾਵਾਂ ਦੇ ਬਾਵਜੂਦ ਸਜ਼ਾਵਾਂ ਬਹੁਤ ਘੱਟ ਕੇਸਾਂ ਵਿੱਚ ਹੋਈਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਵੇਂ ਕਾਨੂੰਨ ਭਵਿੱਖ ਵਿੱਚ ਦੁਰਵਰਤੋਂ ਦਾ ਕਾਰਨ ਵੀ ਬਣ ਸਕਦੇ ਹਨ ਅਤੇ ਇਸ ਨਾਲ ਸਿੱਖ ਪੰਥ ਅਤੇ ਸ਼ਬਦ ਗੁਰੂ ਵਿਚਕਾਰ ਦੂਰੀ ਵਧਣ ਦਾ ਖ਼ਤਰਾ ਹੈ।
ਮਿਸਲ ਸਤਲੁਜ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਪੰਥ ਨੂੰ ਹੁਣ ਗੰਭੀਰਤਾ ਨਾਲ ਇਹ ਸੋਚਣ ਦੀ ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦੀ ਅਸਲ ਖੁਦਮੁਖਤਿਆਰੀ ਕਿਵੇਂ ਯਕੀਨੀ ਬਣਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਕਾਰੀ ਕਾਨੂੰਨੀ ਦਾਇਰਿਆਂ ਤੋਂ ਬਾਹਰ ਕੱਢ ਕੇ ਪੂਰੀ ਤਰ੍ਹਾਂ ਖੁਦਮੁਖਤਿਆਰ ਧਾਰਮਿਕ ਸੰਸਥਾਵਾਂ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਸਿੱਖ ਬੁੱਧੀਜੀਵੀਆਂ, ਨੌਜਵਾਨਾਂ ਅਤੇ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ‘ਤੇ ਡੂੰਘਾਈ ਨਾਲ ਵਿਚਾਰ ਕਰਨ ਅਤੇ ਸਿੱਖ ਪੰਥ ਦੀ ਆਤਮਿਕ, ਧਾਰਮਿਕ ਅਤੇ ਸੰਸਥਾਗਤ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਣ।
- Download Babushahi App
-
-