ਕਿਸਾਨ ਦੀ ਕਣਕ ਨਾ ਵੱਢਣ ਦੇਣ ਦਾ ਦੋਸ਼: ਪੀੜਤ ਕਿਸਾਨ ਨੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਮੰਗਿਆ ਇਨਸਾਫ
Baljit Singh
ਪੱਟੀ/ਤਰਨ ਤਾਰਨ: 17 ਅਪ੍ਰੈਲ, 2026
ਜ਼ਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਪਹੂਵਿੰਡ ਵਿੱਚ ਇੱਕ ਪੀੜਤ ਕਿਸਾਨ ਅਮਰਜੀਤ ਸਿੰਘ (ਸਾਬਕਾ ਸਰਪੰਚ) ਨੇ ਸਥਾਨਕ ਹਲਕਾ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਕਿਸਾਨ ਦਾ ਕਹਿਣਾ ਹੈ ਕਿ ਉਸਨੇ ਆਪਣੀ ਮਿਹਨਤ ਦੀ ਕਮਾਈ ਨਾਲ ਇੱਕ ਜ਼ਮੀਨ ਖਰੀਦੀ ਸੀ, ਜਿਸ 'ਤੇ ਉਹ ਲਗਾਤਾਰ ਖੇਤੀ ਕਰਦਾ ਆ ਰਿਹਾ ਹੈ। ਪ੍ਰੰਤੂ, ਪਿੰਡ ਦਾ ਹੀ ਇੱਕ 'ਆਮ ਆਦਮੀ ਪਾਰਟੀ' ਨਾਲ ਜੁੜਿਆ ਆਗੂ ਸਿਆਸੀ ਸ਼ਹਿ 'ਤੇ ਇਸ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੀੜਤ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੀ ਝੋਨੇ ਦੀ ਫਸਲ ਵਾਹ ਦਿੱਤੀ ਸੀ ਅਤੇ ਹੁਣ ਕਣਕ ਦੀ ਫਸਲ 'ਤੇ ਜ਼ਹਿਰੀਲੀ ਸਪਰੇਅ ਕਰਕੇ ਅੱਧੀ ਕਣਕ ਸਾੜ ਦਿੱਤੀ ਹੈ। ਕਿਸਾਨ ਅਨੁਸਾਰ, ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਕਈ ਵਾਰ ਦਰਖਾਸਤਾਂ ਦਿੱਤੀਆਂ ਗਈਆਂ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਕਣਕ ਵੱਢਣ ਦਾ ਸਮਾਂ ਆਇਆ ਹੈ, ਤਾਂ ਥਾਣਾ ਭਿੱਖੀਵਿੰਡ ਦੇ ਐਸਐਚਓ ਵੱਲੋਂ ਵਿਧਾਇਕ ਦੇ ਇਸ਼ਾਰੇ 'ਤੇ ਕਿਸਾਨ ਨੂੰ ਫਸਲ ਵੱਢਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮਾਮਲੇ ਦੇ ਹੱਕ ਵਿੱਚ ਨਿੱਤਰਦਿਆਂ 'ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼' ਦੇ ਸੂਬਾ ਜਨਰਲ ਸਕੱਤਰ ਦਿਲਬਾਗ ਸਿੰਘ ਦਰਾਜਕੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਇਕ ਅਤੇ ਪੁਲਿਸ ਦੀ ਧੱਕੇਸ਼ਾਹੀ ਬੰਦ ਨਾ ਹੋਈ ਅਤੇ ਕਿਸਾਨ ਨੂੰ ਇਨਸਾਫ ਨਾ ਮਿਲਿਆ, ਤਾਂ ਜਥੇਬੰਦੀ ਪੂਰੇ ਪੰਜਾਬ ਵਿੱਚ ਵਿਧਾਇਕ ਦਾ ਜ਼ਬਰਦਸਤ ਵਿਰੋਧ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ।
ਦੂਜੇ ਪਾਸੇ, ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਐਸਡੀਐਮ ਪੱਟੀ ਕੋਲ ਵਿਚਾਰ ਅਧੀਨ ਹੈ ਅਤੇ 45 ਦਾ ਕਲੰਦਰਾ ਤਿਆਰ ਕਰਕੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਵੱਲੋਂ ਜੋ ਫੈਸਲਾ ਲਿਆ ਜਾਵੇਗਾ, ਉਸ 'ਤੇ ਅਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਦੂਜੀ ਧਿਰ ਵੱਲੋਂ ਕਿਸਾਨ ਅਮਰਜੀਤ ਸਿੰਘ 'ਤੇ ਗੋਲੀ ਚਲਾਉਣ ਦੇ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਭਿੱਖੀਵਿੰਡ ਵੱਲੋਂ ਦੋਵਾਂ ਧਿਰਾਂ ਨੂੰ ਆਪਣੇ ਮਾਲਕੀ ਦੇ ਕਾਗਜ਼ਾਤ ਲੈ ਕੇ ਜਾਂਚ ਲਈ ਸੱਦਿਆ ਗਿਆ ਹੈ।
ਹੁਣ ਪੀੜਤ ਕਿਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਗੁਹਾਰ ਲਗਾਈ ਹੈ ਕਿ ਉਸਦੀ ਆਪਣੀ ਮਾਲਕੀ ਵਾਲੀ ਜ਼ਮੀਨ ਵਿੱਚੋਂ ਫਸਲ ਵੱਢਣ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
Click to Follow Babushahi Facebook Page →