ਸਰਬਜੀਤ ਕੌਰ ਦੇ ਨਿਕਾਹ 'ਤੇ ਲਟਕੀ ਤਲਵਾਰ; ਲਾਹੌਰ ਹਾਈਕੋਰਟ 'ਚ ਪਹਿਲੇ ਪਤੀ ਕਰਨੈਲ ਸਿੰਘ ਦੇ ਵਕੀਲ ਨੇ ਕਿਹਾ- 'ਬਿਨਾਂ ਤਲਾਕ ਦੂਜਾ ਵਿਆਹ ਗੈਰ-ਕਾਨੂੰਨੀ'
ਬਿਨਾਂ ਤਲਾਕ ਲਏ ਨਿਕਾਹ ਕਰਨਾ ਇਸਲਾਮਿਕ ਅਤੇ ਸ਼ਰੀਅਤ ਕਾਨੂੰਨਾਂ ਦੀ ਉਲੰਘਣਾ; ਕੋਰਟ ਨੇ 2 ਮਾਰਚ ਲਈ ਜਾਰੀ ਕੀਤੇ ਨੋਟਿਸ
Babushahi Network
ਲਾਹੌਰ/ਅੰਮ੍ਰਿਤਸਰ 25 ਫਰਵਰੀ 2026: ਪਾਕਿਸਤਾਨ ਗਈ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਅਤੇ ਉਸ ਦੇ ਭਾਰਤੀ ਪਤੀ ਕਰਨੈਲ ਸਿੰਘ ਨਾਲ ਜੁੜਿਆ ਮਾਮਲਾ ਹੁਣ ਲਾਹੌਰ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਕਰਨੈਲ ਸਿੰਘ ਦੇ ਵਕੀਲ ਨੇ ਅਦਾਲਤ ਵਿੱਚ ਸਰਬਜੀਤ ਕੌਰ ਦੇ ਪਾਕਿਸਤਾਨੀ ਨੌਜਵਾਨ ਨਾਸਰ ਹੁਸੈਨ ਨਾਲ ਕੀਤੇ ਨਿਕਾਹ ਦੀ ਕਾਨੂੰਨੀ ਮਾਨਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਅਦਾਲਤ ਵਿੱਚ ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਬਜੀਤ ਕੌਰ ਨੇ ਕਰਨੈਲ ਸਿੰਘ ਤੋਂ ਕਾਨੂੰਨੀ ਤੌਰ 'ਤੇ ਤਲਾਕ ਨਹੀਂ ਲਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਸ਼ਰੀਅਤ ਕੋਰਟ ਅਤੇ ਇਸਲਾਮਿਕ ਲਾਅ ਦੇ ਹਵਾਲੇ ਨਾਲ ਕਈ ਅਹਿਮ ਨੁਕਤੇ ਪੇਸ਼ ਕੀਤੇ। ਸਰਬਜੀਤ ਕੌਰ ਨੇ ਭਾਰਤ ਦੀ ਕਿਸੇ ਵੀ ਫੈਮਿਲੀ ਕੋਰਟ ਤੋਂ ਤਲਾਕ ਨਹੀਂ ਲਿਆ ਅਤੇ ਨਾ ਹੀ ਕਰਨੈਲ ਸਿੰਘ ਨੂੰ ਕੋਈ ਨੋਟਿਸ ਦਿੱਤਾ। ਇਸਲਾਮਿਕ ਕਾਨੂੰਨ ਮੁਤਾਬਕ ਜੇਕਰ ਕੋਈ ਗੈਰ-ਮੁਸਲਿਮ ਵਿਆਹੁਤਾ ਮਹਿਲਾ ਇਸਲਾਮ ਕਬੂਲਦੀ ਹੈ, ਤਾਂ ਉਸ ਨੂੰ ਆਪਣੇ ਪਹਿਲੇ ਪਤੀ ਨੂੰ ਇਸਲਾਮ ਦੀ ਦਾਵਤ ਦੇਣੀ ਪੈਂਦੀ ਹੈ ਅਤੇ 90 ਦਿਨਾਂ (ਇੱਦਤ) ਦਾ ਸਮਾਂ ਦੇਣਾ ਲਾਜ਼ਮੀ ਹੈ। ਸਰਬਜੀਤ ਕੌਰ ਨੇ ਅਜਿਹੀ ਕਿਸੇ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ।
ਵਕੀਲ ਨੇ ਦਾਅਵਾ ਕੀਤਾ ਕਿ ਨਾਸਰ ਹੁਸੈਨ ਅਤੇ ਸਰਬਜੀਤ ਕੌਰ ਨੇ ਅਦਾਲਤ ਨੂੰ ਗੁਮਰਾਹ ਕੀਤਾ ਹੈ ਅਤੇ ਤਲਾਕ ਦੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਜਸਟਿਸ ਫਾਰੂਕ ਹੈਦਰ ਦੀ ਅਦਾਲਤ ਵਿੱਚ ਅੱਜ ਇਸ ਕੇਸ ਦੀ ਪਹਿਲੀ ਸੁਣਵਾਈ ਹੋਈ। ਅਦਾਲਤ ਨੇ ਸ਼ੁਰੂਆਤੀ ਇਤਰਾਜ਼ਾਂ (Objections) 'ਤੇ ਕਰੀਬ 7 ਮਿੰਟ ਤੱਕ ਵਕੀਲ ਦੀਆਂ ਦਲੀਲਾਂ ਸੁਣੀਆਂ। ਕੇਸ ਦੀ ਗੰਭੀਰਤਾ ਅਤੇ ਵਿਲੱਖਣਤਾ ਨੂੰ ਦੇਖਦੇ ਹੋਏ ਅਦਾਲਤ ਨੇ ਇਸ ਨੂੰ ਵਿਚਾਰਨ ਲਈ ਸਹਿਮਤੀ ਜਤਾਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ 2026 ਨੂੰ ਹੋਵੇਗੀ।
'200 ਸਿੱਖ ਔਰਤਾਂ' ਵਾਲੇ ਬਿਆਨ 'ਤੇ ਵਿਵਾਦ
ਸਰਬਜੀਤ ਕੌਰ ਦੇ ਪਾਕਿਸਤਾਨੀ ਵਕੀਲ ਅਲੀ ਚੰਗੇਜ਼ੀ ਸੰਧੂ ਵੱਲੋਂ ਦਿੱਤੇ ਗਏ ਉਸ ਬਿਆਨ ਦੀ ਵੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ 200 ਹੋਰ ਸਿੱਖ ਔਰਤਾਂ ਵੀ ਇਸਲਾਮ ਕਬੂਲਦੀਆਂ ਹਨ ਤਾਂ ਉਹ ਉਨ੍ਹਾਂ ਦੀਆਂ ਭੈਣਾਂ ਹਨ। ਕਰਨੈਲ ਸਿੰਘ ਦੇ ਵਕੀਲ ਨੇ ਇਸ ਨੂੰ ਇੱਕ ਖ਼ਾਸ ਏਜੰਡੇ ਤਹਿਤ ਦਿੱਤਾ ਗਿਆ ਬਿਆਨ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਗੱਲਾਂ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
Click to Follow Babushahi Facebook Page →