ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬ ਵਿੱਚ ਭੂਮੀਗਤ ਪਾਣੀ ਦੀ ਗੁਣਵੱਤਾ ਅਤੇ ਚੁਣੌਤੀਆਂ ਵਿਸ਼ੇ ਤੇ ਵਰਕਸ਼ਾਪ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2026: ਪੰਜਾਬ ਵਿੱਚ ਘਟਦੇ ਜਾ ਰਹੇ ਭੂਮੀਗਤ ਪਾਣੀ ਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿਖੇ ਸੋਮਵਾਰ ਨੂੰ “ਪੰਜਾਬ ਵਿੱਚ ਭੂਮੀਗਤ ਪਾਣੀ ਦੀ ਗੁਣਵੱਤਾ ਅਤੇ ਚੁਣੌਤੀਆਂ” ਵਿਸ਼ੇ ‘ਤੇ ਦੋ ਦਿਨਾਂ ਰਾਜ ਪੱਧਰੀ ਵਰਕਸ਼ਾਪ ਦੀ ਸ਼ੁਰੂਆਤ ਹੋਈ। ਇਸ ਵਰਕਸ਼ਾਪ ਵਿੱਚ ਵਿਗਿਆਨੀ, ਮਾਹਿਰ ਅਤੇ ਅਧਿਕਾਰੀ ਸ਼ਾਮਲ ਹੋਏ ਅਤੇ ਪਾਣੀ ਸੰਕਟ ਦੇ ਹੱਲਾਂ ‘ਤੇ ਵਿਚਾਰ ਕੀਤਾ ਗਿਆ।
ਯੂਨੀਵਰਸਿਟੀ ਦੇ ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਇਸ ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਭੂਮੀਗਤ ਪਾਣੀ ਦੀ ਸਹੀ ਨਿਗਰਾਨੀ ਅਤੇ ਸੰਭਾਲ ਬਾਰੇ ਜਾਣਕਾਰੀ ਦੇਣਾ ਹੈ।
ਉਦਘਾਟਨ ਸਮਾਗਮ ਵਿੱਚ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕਿਹਾ ਕਿ ਭੂਮੀਗਤ ਪਾਣੀ ਦਾ ਘਟਣਾ ਅਤੇ ਪ੍ਰਦੂਸ਼ਣ ਗੰਭੀਰ ਸਮੱਸਿਆ ਹੈ, ਜਿਸਦਾ ਹੱਲ ਵਿਗਿਆਨਕ ਤਰੀਕਿਆਂ ਨਾਲ ਲੱਭਣਾ ਜ਼ਰੂਰੀ ਹੈ। ਪ੍ਰੋ. ਸੁਨੀਲ ਮਿੱਤਲ ਨੇ ਸਵਾਗਤ ਭਾਸ਼ਣ ਦਿੱਤਾ ਅਤੇ ਡਾ. ਪੀ.ਕੇ. ਸਾਹੂ ਨੇ ਲੰਬੇ ਸਮੇਂ ਲਈ ਪਾਣੀ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ।
ਮੁਖ ਬੁਲਾਰੇ ਅਤੇ ਕੇਂਦਰੀ ਭੂਮੀਗਤ ਜਲ ਬੋਰਡ ਵਿਗਿਆਨੀ ਸੁਸ਼੍ਰੀ ਅਮਨਦੀਪ ਕੌਰ ਨੇ ਦੱਸਿਆ ਕਿ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਭੂਮੀਗਤ ਜਲ ਸੰਸਾਧਨ ਅਨੁਸਾਰ ਪੰਜਾਬ ਵਿੱਚ ਜਿੰਨਾ ਪਾਣੀ ਕੁਦਰਤ ਵਾਪਸ ਭਰ ਸਕਦੀ ਹੈ, ਉਸ ਤੋਂ ਕਾਫ਼ੀ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਜਿਸ ਕਾਰਨ 117 ਬਲਾਕ ਓਵਰ-ਐਕਸਪਲੋਇਟਡ ਘੋਸ਼ਿਤ ਹੋ ਚੁੱਕੇ ਹਨ।
ਡਾ. ਗੋਪਾਲ ਕ੍ਰਿਸ਼ਨ ਨੇ ਸਮਝਾਇਆ ਕਿ ਆਈਸੋਟੋਪ ਤਕਨਾਲੋਜੀ ਨਾਲ ਪਤਾ ਲੱਗ ਸਕਦਾ ਹੈ ਕਿ ਪਾਣੀ ਕਿੱਥੋਂ ਆਇਆ, ਕਿੰਨਾ ਪੁਰਾਣਾ ਹੈ ਅਤੇ ਕਿੱਥੇ ਰੀਚਾਰਜ ਹੁੰਦਾ ਹੈ, ਜਿਸ ਨਾਲ ਸੰਭਾਲ ਲਈ ਸਹੀ ਯੋਜਨਾ ਬਣਾਈ ਜਾ ਸਕਦੀ ਹੈ।
ਪੀ.ਆਰ.ਐਸ.ਸੀ. ਦੇ ਡਾਇਰੈਕਟਰ ਡਾ. ਬ੍ਰਿਜੇਂਦਰ ਪਟੇਰੀਆ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 80–85 ਫੀਸਦੀ ਭੂਮੀਗਤ ਪਾਣੀ ਖੇਤੀ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਜੀ.ਆਈ.ਐਸ., ਸੈਟੇਲਾਈਟ ਅਤੇ ਏ.ਆਈ. ਤਕਨਾਲੋਜੀ ਰਾਹੀਂ ਪਾਣੀ ਦੀ ਨਿਗਰਾਨੀ ਅਤੇ ਭਵਿੱਖਬਾਣੀ ਦੀ ਲੋੜ ‘ਤੇ ਜ਼ੋਰ ਦਿੱਤਾ। ਜਲ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਨੇ ਪਾਣੀ ਦੀ ਗੁਣਵੱਤਾ ਜਾਂਚ ਪ੍ਰਣਾਲੀ ਅਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਪਹਿਲੇ ਦਿਨ ਦਾ ਸਮਾਪਨ ਪ੍ਰੋ. ਸਮੀਰ ਦੁਰਾਨੀ ਦੇ ਭਾਸ਼ਣ ਅਤੇ ਪੈਨਲ ਚਰਚਾ ਨਾਲ ਹੋਇਆ। ਦੂਜੇ ਦਿਨ ਯੂਨੀਵਰਸਿਟੀ ਦੇ ਅਧਿਆਪਕ ਘੱਟ ਗਹਿਰਾਈ ਵਾਲੇ ਪਾਣੀ ਵਿੱਚ ਯੂਰੇਨੀਅਮ ਅਤੇ ਫਲੋਰਾਈਡ ਦੀ ਸਮੱਸਿਆ ਅਤੇ ਆਧੁਨਿਕ ਤਕਨਾਲੋਜੀ ਬਾਰੇ ਪ੍ਰੈਕਟੀਕਲ ਸਿਖਲਾਈ ਦੇਣਗੇ।