Breaking: ਜੇ ਪੰਜਾਬ ਨੂੰ ਬਚਾਉਣ ਹੈ ਤਾਂ ਹੋਰ ਕਿਸੇ ਪਾਰਟੀ ਨੂੰ ਵੋਟ ਨਾ ਪਾਓ - ਕੇਜਰੀਵਾਲ ਨੇ ਕੀਤੀ ਪੰਜਾਬੀਆਂ ਨੂੰ ਅਪੀਲ
ਕੇਜਰੀਵਾਲ ਨੇ VDC ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ: "ਘਰ-ਘਰ ਜਾ ਕੇ ਦੱਸੋ ਇਨ੍ਹਾਂ ਪਾਰਟੀਆਂ ਨੂੰ ਵੋਟ ਨਾ ਪਾਓ
"ਗਲਤੀ ਨਾਲ ਵੀ ਵਿਰੋਧੀਆਂ ਨੂੰ ਵੋਟ ਨਾ ਪਾਉਣਾ, ਨਹੀਂ ਤਾਂ ਪੰਜਾਬ ਫਿਰ ਡੁੱਬ ਜਾਵੇਗਾ"— ਮੋਗਾ ਰੈਲੀ 'ਚ 2027 ਦਾ ਦਿੱਤਾ ਹੋਕਾ
Babushahi Network
ਮੋਗਾ/ਕਿਲੀ ਚਹਿਲਾਂ, 16 ਫਰਵਰੀ 2026- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਗਾ ਵਿਖੇ ਨਸ਼ਿਆਂ ਵਿਰੁੱਧ ਰੈਲੀ ਨੂੰ ਸੰਬੋਧਨ ਕਰਦਿਆਂ ਵਿਲੇਜ ਡਿਫੈਂਸ ਕਮੇਟੀ (VDC) ਦੇ ਮੈਂਬਰਾਂ ਨੂੰ ਸਿਰਫ਼ ਨਸ਼ਾ ਫੜਾਉਣ ਤੱਕ ਸੀਮਤ ਨਾ ਰਹਿ ਕੇ, 'ਸਿਆਸੀ ਜਾਗਰੂਕਤਾ' ਫੈਲਾਉਣ ਦਾ ਵੀ ਸੱਦਾ ਦਿੱਤਾ।
ਕੇਜਰੀਵਾਲ ਨੇ ਅਸਿੱਧੇ ਤੌਰ 'ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਲੋਕਾਂ ਨੂੰ ਵਿਰੋਧੀ ਪਾਰਟੀਆਂ ਤੋਂ ਬਚਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ 2027 ਵਿੱਚ ਆਮ ਆਦਮੀ ਪਾਰਟੀ ਨੂੰ ਫੇਰ ਤੋਂ ਵੋਟਾਂ ਪਾ ਕੇ ਪੰਜਾਬ ਦੇ ਅੰਦਰ ਸਰਕਾਰ ਬਣਾਓ।
ਕੇਜਰੀਵਾਲ ਨੇ VDC ਮੈਂਬਰਾਂ ਅਤੇ ਪੰਜਾਬ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸਣ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਹੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ, "ਲੋਕਾਂ ਨੂੰ ਸਮਝਾਓ ਕਿ ਇਨ੍ਹਾਂ ਨੂੰ ਗਲਤੀ ਨਾਲ ਵੀ ਵੋਟ ਨਾ ਦੇਣਾ, ਨਹੀਂ ਤਾਂ ਪੰਜਾਬ ਫਿਰ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਵੇਗਾ।"
ਉਨ੍ਹਾਂ ਦਾਅਵਾ ਕੀਤਾ ਕਿ ਪਹਿਲੀ ਵਾਰ ਪੰਜਾਬ ਵਿੱਚ ਇੱਕ ਅਜਿਹੀ ਸਰਕਾਰ ਆਈ ਹੈ ਜੋ ਨਸ਼ਾ ਤਸਕਰਾਂ ਦੇ ਬੰਗਲੇ ਢਾਹ ਰਹੀ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਰਹੀ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਵਿੱਚ ਹਮੇਸ਼ਾ ਅਜਿਹੀ ਹੀ ਸਰਕਾਰ ਰਹੇ ਅਤੇ ਕਿਸੇ ਹੋਰ ਪਾਰਟੀ ਨੂੰ ਮੌਕਾ ਨਾ ਮਿਲੇ।
ਕੇਜਰੀਵਾਲ ਨੇ ਕਿਹਾ ਕਿ ਜੋ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਨੂੰ ਲਤ ਛੁਡਵਾ ਕੇ ਖੇਡਾਂ ਅਤੇ ਸਰਕਾਰੀ ਨੌਕਰੀਆਂ ਵੱਲ ਮੋੜਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਉਮੀਦ ਜਤਾਈ ਕਿ ਬਹੁਤ ਜਲਦੀ ਪੰਜਾਬ ਇੱਕ ਵਾਰ ਫਿਰ 'ਰੰਗਲਾ ਪੰਜਾਬ' ਅਤੇ 'ਨਸ਼ਾ ਮੁਕਤ ਪੰਜਾਬ' ਬਣੇਗਾ। ਉਨ੍ਹਾਂ ਰੈਲੀ ਵਿੱਚ ਪਹੁੰਚੇ ਵੱਡੇ ਇਕੱਠ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ 2027 ਵਿੱਚ ਮੁੜ 'ਆਪ' ਦੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ।