ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਵੱਡਾ ਦਾਅ; ਭੂਪੇਸ਼ ਬਘੇਲ ਨੇ ਕਿਹਾ- ਇਨ੍ਹਾਂ ਲੋਕਾਂ ਨੂੰ ਹੀ ਮਿਲਣਗੀਆਂ ਟਿਕਟਾਂ
50% ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਮਿਲਣਗੀਆਂ: ਭੂਪੇਸ਼ ਬਘੇਲ
ਭੂਪੇਸ਼ ਬਘੇਲ ਨੇ ਕੇਂਦਰ ਨੂੰ ਦਿੱਤੀ ਸਿੱਧੀ ਚੁਣੌਤੀ: "ਅਮਿਤ ਸ਼ਾਹ ਦੱਸਣ ਕਿੱਥੇ ਕਰਨੀ ਹੈ ਡਿਬੇਟ, ਅਸੀਂ ਤਿਆਰ ਹਾਂ"
ਰਵੀ ਜੱਖੂ
ਚੰਡੀਗੜ੍ਹ 16 ਫਰਵਰੀ 2026: ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 50% ਤੋਂ ਵੱਧ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ। SC, ST ਅਤੇ OBC ਵਰਗਾਂ ਨੂੰ ਵੱਡੇ ਮੌਕੇ ਦਿੱਤੇ ਜਾਣਗੇ। ਸੰਗਠਨ ਅਤੇ ਟਿਕਟਾਂ ਦੀ ਵੰਡ ਵਿੱਚ ਔਰਤਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਟਿਕਟਾਂ ਦੀ ਵੰਡ ਅਤੇ ਵਿਧਾਇਕ ਦਲ ਦੇ ਨੇਤਾ ਦਾ ਫੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਕੋਲ 'ਸੀਐਮ ਮੈਟੀਰੀਅਲ' ਦੀ ਕੋਈ ਕਮੀ ਨਹੀਂ ਹੈ।
ਭੂਪੇਸ਼ ਬਘੇਲ ਨੇ ਅੱਜ ਮਨਰੇਗਾ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਤੋਂ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ।
ਬਘੇਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਮਨਰੇਗਾ ਦੇ ਮੁੱਦੇ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਾਰਤ-ਅਮਰੀਕਾ ਵਪਾਰ ਸਮਝੌਤੇ (Trade Deal) 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ। ਇਸੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਪੰਜਾਬ ਵਿੱਚ ਇੱਕ ਵੱਡੀ ਰੈਲੀ ਕਰਨਗੇ, ਜੋ ਸੰਭਾਵਤ ਤੌਰ 'ਤੇ 28 ਫਰਵਰੀ ਜਾਂ 1 ਮਾਰਚ (ਸ਼ਨੀਵਾਰ ਜਾਂ ਐਤਵਾਰ) ਨੂੰ ਹੋਵੇਗੀ।
ਲੋਕਸਭਾ ਵਿੱਚ ਉੱਠੇ ਮੁੱਦਿਆਂ 'ਤੇ ਬੋਲਦਿਆਂ ਬਘੇਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, "ਅਮਿਤ ਸ਼ਾਹ ਜਿੱਥੇ ਵੀ ਡਿਬੇਟ (ਬਹਿਸ) ਕਰਨਾ ਚਾਹੁੰਦੇ ਹਨ, ਅਸੀਂ ਉੱਥੇ ਆਵਾਂਗੇ। ਮੈਂ ਉਨ੍ਹਾਂ ਨੂੰ ਸਿੱਧੀ ਚੁਣੌਤੀ ਦੇ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਉਲਟੇ ਸਾਬਿਤ ਹੋ ਰਹੇ ਹਨ। ਮੋਗਾ ਰੈਲੀ ਨੂੰ ਉਨ੍ਹਾਂ ਨੇ ਸਿਰਫ਼ ਇੱਕ ਦਿਖਾਵਾ ਕਰਾਰ ਦਿੱਤਾ।