ਕਾਂਗਰਸ ਤੋਂ ਜਿੱਤੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਉੜਦਣ AAP 'ਚ ਸ਼ਾਮਲ
ਵਿਧਾਇਕਾ ਦੇ ਪਤੀ ਸ੍ਰੀ ਅਜੈ ਮਿੱਤਲ ਅਤੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਨੇ ਕੀਤਾ ਸਵਾਗਤ
ਰਾਜਪੁਰਾ, 16 ਫਰਵਰੀ (ਕੁਲਵੰਤ ਸਿੰਘ ਬੱਬੂ): ਹਲਕਾ ਰਾਜਪੁਰਾ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਮੋੜ ਆਇਆ, ਜਦੋਂ ਕਾਂਗਰਸ ਦੀ ਟਿਕਟ ’ਤੇ ਬਲਾਕ ਸੰਮਤੀ ਮੈਂਬਰ ਚੁਣੇ ਗਏ ਬਲਵਿੰਦਰ ਸਿੰਘ ਉੜਦਣ ਨੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ “ਘਰ ਵਾਪਸੀ” ਕੀਤੀ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਸ੍ਰੀ ਅਜੈ ਮਿੱਤਲ ਅਤੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਵੱਲੋਂ ਉਨ੍ਹਾਂ ਨੂੰ ਪਾਰਟੀ ਦੇ ਚਿੰਨ੍ਹ ਨਾਲ ਸਨਮਾਨਿਤ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਉੜਦਣ ਲੰਮੇ ਸਮੇਂ ਤੱਕ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ, ਪਰ ਕੁਝ ਕਾਰਨਾਂ ਕਰਕੇ ਉਹ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਚੋਣ-ਚਿੰਨ੍ਹ ’ਤੇ ਬਲਾਕ ਸੰਮਤੀ ਦੀ ਚੋਣ ਜਿੱਤ ਕੇ ਸਫਲਤਾ ਹਾਸਲ ਕੀਤੀ ਸੀ। ਹਾਲਾਂਕਿ, ਹਲਕਾ ਰਾਜਪੁਰਾ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਜਾਂ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਮੁੜ ਪਾਰਟੀ ਵਿੱਚ ਵਾਪਸੀ ਦਾ ਫੈਸਲਾ ਕੀਤਾ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਉੜਦਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਹਰ ਖੇਤਰ ਵਿੱਚ ਇਤਿਹਾਸਕ ਬਦਲਾਅ ਲਿਆਂਦੇ ਜਾ ਰਹੇ ਹਨ। ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਅਤੇ ਲੋਕ-ਭਲਾਈ ਦੀਆਂ ਯੋਜਨਾਵਾਂ ਰਾਹੀਂ ਸਰਕਾਰ ਨੇ ਆਮ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਦੀ ਬਰਾਬਰੀ ਕਰਨਾ ਵਿਰੋਧੀ ਧਿਰਾਂ ਲਈ ਮੁਸ਼ਕਿਲ ਹੈ।
ਉਨ੍ਹਾਂ ਨੇ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਨਾਲ ਹਲਕੇ ਦੀ ਕਾਇਆ-ਕਲਪ ਹੋਈ ਹੈ। ਸੜਕਾਂ, ਬਿਜਲੀ, ਪਾਣੀ, ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਆਇਆ ਹੈ, ਜਿਸ ਕਰਕੇ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਵਿਧਾਇਕਾ ਨੀਨਾ ਮਿੱਤਲ ਦੇ ਕੰਮਾਂ ਅਤੇ ਆਮ ਆਦਮੀ ਪਾਰਟੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੁੜ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਭਵਿੱਖ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਬਲਵਿੰਦਰ ਸਿੰਘ ਉੜਦਣ ਦੀ ਵਾਪਸੀ ਦਾ ਖੁਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਐਮ ਐਲ ਏ ਕੋਆਰਡੀਨੇਟਰ ਸਚਿਨ ਮਿੱਤਲ, ਯੂਥ ਪ੍ਰਧਾਨ ਰਾਜੇਸ਼ ਬੋਵਾ, ਸਰਪੰਚ ਪ੍ਰਦੀਪ ਸਿੰਘ ਉੜਦਣ, ਐਡਵੋਕੇਟ ਸੰਦੀਪ ਬਾਵਾ, ਗਗਨਦੀਪ ਸਿੰਘ , ਅਮਨ ਸੈਣੀ ਸਮੇਤ ਹੋਰ ਵੀ ਮੌਜੂਦ ਸਨ।