ਖੂਨਦਾਨ ਸਭ ਤੋਂ ਉੱਤਮ ਦਾਨ : MLA ਕੁਲਵੰਤ ਸਿੰਘ
ਪਿੰਡ ਸ਼ਿਆਮਪੁਰ ਵਿਖੇ ਸ਼ਿਵਰਾਤਰੀ ਮੌਕੇ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ
ਵਿਧਾਇਕ ਕੁਲਵੰਤ ਸਿੰਘ ਵੱਲੋਂ ਜੰਝ ਘਰ ਅਤੇ ਧਰਮਸ਼ਾਲਾ ਬਣਾਉਣ ਦਾ ਐਲਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਫਰਵਰੀ :
ਮੋਹਾਲੀ ਜ਼ਿਲ੍ਹੇ ਦੇ ਪਿੰਡ ਸ਼ਿਆਮਪੁਰ ਵਿਖੇ ਨੌਜਵਾਨਾਂ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਖੂਨਦਾਨੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਖੂਨਦਾਨ ਦੁਨੀਆਂ ਦਾ ਸਭ ਤੋਂ ਉੱਤਮ ਦਾਨ ਹੈ। ਇਹ ਅਜਿਹਾ ਦਾਨ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਹਰ ਹਸਪਤਾਲ ਵਿੱਚ ਮਰੀਜ਼ਾਂ ਲਈ ਖੂਨ ਦੀ ਲੋੜ ਹਮੇਸ਼ਾ ਰਹਿੰਦੀ ਹੈ। ਜਦੋਂ ਕੋਈ ਆਪਣਾ ਨਜ਼ਦੀਕੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਅਤੇ ਉਸ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਪਰਿਵਾਰ ਵੱਲੋਂ ਖੂਨ ਦੇ ਪ੍ਰਬੰਧ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਜਿਹੇ ਵੇਲੇ ਖੂਨ ਦੀ ਇੱਕ ਬੋਤਲ ਮਿਲਣ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲਦੀ ਹੈ ਅਤੇ ਇਸ ਦੀ ਅਸਲ ਮਹੱਤਤਾ ਦਾ ਅਹਿਸਾਸ ਹੁੰਦਾ ਹੈ।
ਵਿਧਾਇਕ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਰਪੰਚ ਗੁਰਮੁਖ ਗਿਰ ਦੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਸਰਪੰਚ ਅਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਇਸ ਸਮਾਜ ਸੇਵਾ ਲਈ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਪਿੰਡ ਵਿੱਚ ਐਸ ਸੀ ਭਾਈਚਾਰੇ ਲਈ ਧਰਮਸ਼ਾਲਾ ਅਤੇ ਜੰਝ ਘਰ ਬਣਾਉਣ ਦੀ ਮੰਗ ਰੱਖੀ ਗਈ ਹੈ, ਜੋ ਬਹੁਤ ਜ਼ਰੂਰੀ ਹੈ। ਉਨ੍ਹਾਂ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪਿੰਡ ਵਿੱਚ ਧਰਮਸ਼ਾਲਾ ਅਤੇ ਜੰਝ ਘਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਵਿਧਾਇਕ ਨੇ ਕਿਹਾ ਕਿ ਪਹਿਲਾਂ ਵਿਆਹ ਸਮਾਗਮਾਂ ਦੌਰਾਨ ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਮਿਲ ਕੇ ਤਿਆਰੀਆਂ ਕਰਦੇ ਸਨ, ਜਿਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਸੀ ਅਤੇ ਖਾਣ-ਪੀਣ ਵਿੱਚ ਵੀ ਸ਼ੁੱਧਤਾ ਰਹਿੰਦੀ ਸੀ। ਪਰ ਸਮੇਂ ਦੇ ਬਦਲਾਅ ਨਾਲ ਅੱਜ ਇਹ ਰਿਵਾਜ ਘੱਟ ਹੋ ਗਿਆ ਹੈ ਅਤੇ ਮੈਰਿਜ ਪੈਲਸਾਂ ਵਿੱਚ ਵਿਆਹ ਕਰਨਾ ਇਕ ਦਿਖਾਵਾ ਬਣ ਗਿਆ ਹੈ, ਜਿਸ ਨਾਲ ਮੱਧ ਵਰਗ ਦੇ ਪਰਿਵਾਰਾਂ 'ਤੇ ਆਰਥਿਕ ਬੋਝ ਪੈਂਦਾ ਹੈ।
ਇਸ ਮੌਕੇ ਸਰਪੰਚ ਗੁਰਮੁਖ ਗਿਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਰਿਆਲੀ, ਡਾ. ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਮੌਲੀ ਵੈਦਵਾਨ ਵੀ ਹਾਜ਼ਰ ਸਨ।