ਜਹਾਜ਼ ਹਾਦਸਾ: ਲੈਂਡਿੰਗ ਤੋਂ 10 ਮਿੰਟ ਪਹਿਲਾਂ ਰਾਡਾਰ ਤੋਂ ਹੋਇਆ ਗਾਇਬ, ਸੰਸਦ ਮੈਂਬਰ ਸਮੇਤ ਸਾਰੇ 15 ਸਵਾਰਾਂ ਦੀ ਮੌਤ
ਬੋਗੋਟਾ, 29 ਜਨਵਰੀ (2026): ਕੋਲੰਬੀਆ ਵਿੱਚ ਵੈਨੇਜ਼ੁਏਲਾ ਦੀ ਸਰਹੱਦ ਨੇੜੇ ਇੱਕ ਬੇਹੱਦ ਦੁਖਦਾਈ ਜਹਾਜ਼ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਮੌਜੂਦਾ ਸੰਸਦ ਮੈਂਬਰ ਅਤੇ ਇੱਕ ਚੋਣ ਉਮੀਦਵਾਰ ਸਮੇਤ ਕੁੱਲ 15 ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਆਪਣੀ ਮੰਜ਼ਿਲ 'ਤੇ ਉਤਰਨ ਤੋਂ ਮਹਿਜ਼ ਕੁਝ ਮਿੰਟ ਹੀ ਦੂਰ ਸੀ। ਰਾਹਤ ਅਤੇ ਬਚਾਅ ਟੀਮਾਂ ਨੂੰ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਜਹਾਜ਼ ਦਾ ਮਲਬਾ ਕੈਟਾਟੰਬੋ ਦੇ ਦੁਰਗਮ ਇਲਾਕੇ ਵਿੱਚੋਂ ਬਰਾਮਦ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ SEARCA ਕੰਪਨੀ ਦਾ 'ਬੀਚਕ੍ਰਾਫਟ 1900' ਜਹਾਜ਼ (ਫਲਾਈਟ NSE 8849) ਕੋਲੰਬੀਆ ਦੇ ਕੁਕੁਟਾ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 11:42 ਵਜੇ ਓਕਾਨਾ ਲਈ ਰਵਾਨਾ ਹੋਇਆ ਸੀ। ਇਸ ਜਹਾਜ਼ ਨੇ ਦੁਪਹਿਰ 12 ਵਜੇ ਲੈਂਡ ਕਰਨਾ ਸੀ, ਪਰ ਲੈਂਡਿੰਗ ਤੋਂ ਠੀਕ ਛੇ ਮਿੰਟ ਪਹਿਲਾਂ, ਸਵੇਰੇ 11:54 ਵਜੇ, ਇਸ ਦਾ ਏਅਰ ਟ੍ਰੈਫਿਕ ਕੰਟਰੋਲ (ATC) ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਜਹਾਜ਼ ਵਿੱਚ 2 ਚਾਲਕ ਦਲ ਦੇ ਮੈਂਬਰ ਅਤੇ 13 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਕੋਲੰਬੀਆ ਦੇ ਚੈਂਬਰ ਆਫ਼ ਡਿਪਟੀਜ਼ ਦੇ ਮੈਂਬਰ ਡਾਇਓਜੇਨਸ ਕੁਇੰਟੇਰੋ ਅਤੇ ਆਉਣ ਵਾਲੀਆਂ ਚੋਣਾਂ ਦੇ ਉਮੀਦਵਾਰ ਕਾਰਲੋਸ ਸਾਲਸੇਡੋ ਵੀ ਸ਼ਾਮਲ ਸਨ।
ਹਵਾਬਾਜ਼ੀ ਅਧਿਕਾਰੀਆਂ ਅਤੇ ਸਟੇਨਾ ਏਅਰਲਾਈਨਜ਼ ਦੇ ਮੁਢਲੇ ਅੰਦਾਜ਼ੇ ਮੁਤਾਬਕ ਇਹ ਹਾਦਸਾ ਖ਼ਰਾਬ ਮੌਸਮ ਜਾਂ ਕਿਸੇ ਅਚਾਨਕ ਆਈ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹੋ ਸਕਦਾ ਹੈ। ਕੋਲੰਬੀਅਨ ਏਅਰੋਸਪੇਸ ਫੋਰਸ ਅਤੇ ਸਿਵਲ ਏਵੀਏਸ਼ਨ ਅਥਾਰਟੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਹੈਲਪਲਾਈਨ ਨੰਬਰ (601) 919 3333 ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਭਾਰਤ ਵਿੱਚ ਵੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਜਹਾਜ਼ ਹਾਦਸੇ ਕਾਰਨ ਸੋਗ ਦੀ ਲਹਿਰ ਹੈ।