ਤਨਖਾਹ ਨਾ ਮਿਲਣ ਕਰਕੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 10 ਦਸੰਬਰ 2025:ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਆਊਟਸੋਰਸ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ ਸਿਵਲ ਸਰਜਨ ਬਠਿੰਡਾ ਦੇ ਦਫ਼ਤਰ ਅੱਗੇ ਸਿਹਤ ਵਿਭਾਗ ਦੇ ਜਿਲ੍ਹਾ ਹਸਪਤਾਲ ਬਠਿੰਡਾ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਸਿਹਤ ਮੁਲਾਜ਼ਮਾ ਵੱਲੋਂ ਧਰਨਾ ਲਗਾਇਆ ਗਿਆ। ਇਹ ਵੀ ਬੜੇ ਅਫ਼ਸੋਸ ਦੀ ਗੱਲ ਹੈ ਕਿ ਵੱਡੇ-ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਦੀ ਸਰਕਾਰ ਦੀਆਂ ਕੰਪਨੀਆਂ ਸਾਡੇ ਕੱਚੇ ਮੁਲਾਜ਼ਮਾਂ ਦੀ ਖ਼ੂਨ ਪਸੀਨੇ ਦੀ ਕਮਾਈ ਪਿਛਲੇ ਮਹੀਨਿਆਂ ਤੋਂ ਹੜੱਪੀ ਬੈਠੇ ਹਨ, ਔਰ ਇਸ ਵੱਲ ਕਿਸੇ ਵੀ ਸਰਕਾਰ ਜਾਂ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ। ਦਸ ਹਜ਼ਾਰ ਦੀ ਨੌਕਰੀ ਕਰਨ ਵਾਲੇ ਕੱਚੇ ਮੁਲਾਜ਼ਮ ਨੂੰ ਪਿਛਲੇ ਮਹੀਨਿਆਂ ਦੀ ਤਨਖ਼ਾਹ ਨਾ ਦੇਣਾ ਬਹੁਤ ਵੱਡੀ ਸ਼ਰਮ ਦੀ ਗੱਲ ਹੈ। ਇਹਨਾਂ ਮੁਲਾਜ਼ਮਾਂ ਦੇ ਲਈ ਘਰ ਦਾ ਚੁੱਲਾ ਚਲਾਉਣਾ ਵੀ ਹੁਣ ਤਾਂ ਬਹੁਤ ਮੁਸ਼ਕਿਲ ਹੋਇਆ ਪਿਆ ਹੈ । ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਅਫ਼ਸਰਾਂ ਦੀ ਨਲਾਇਕੀ ਅਤੇ ਅਫ਼ਸਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਰੋਸ ਪ੍ਰਗਟ ਕੀਤਾ ਗਿਆ। ਅਧਿਕਾਰੀਆਂ ਵੱਲੋਂ ਆਗੂ ਟੀਮ ਨਾਲ ਮੀਟਿੰਗ ਕਰਨ ਤੋਂ ਬਾਅਦ ਰੁਕੀਆਂ ਤਨਖ਼ਾਹਾਂ ਦੋ ਦਿਨਾਂ ਦੇ ਅੰਦਰ-ਅੰਦਰ ਜਾਰੀ ਕਰਨ, ਜਿਲ੍ਹਾ ਬਠਿੰਡਾ ਦੇ ਸਮੂਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹਰ ਮਹੀਨੇ ਦੀ 05 ਤਾਰੀਕ ਤੱਕ ਜਾਰੀ ਕਰਨ ਅਤੇ ਗ੍ਰਿਟਸ ਕੰਪਨੀ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾ ਵਿੱਚੋਂ ਨਜ਼ਾਇਜ ਕੱਟੇ 1500/- ਰੁਪਏ ਜਲਦੀ ਵਾਪਿਸ ਕਰਵਾਉਣ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਚ ਆਉਟ ਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ ਜਿਸਦੀ ਜੁੰਮੇਵਾਰੀ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦੀਂ ਹੋਵੇਗੀ l
ਇਸ ਮੌਕੇ ਮੁੱਖ ਬੁਲਾਰੇ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ (ਵਿਗਿਆਨਕ), ਗੁਰਜਿੰਦਰ ਸਿੰਘ ਔਲਖ ਸੂਬਾ ਪ੍ਰਧਾਨ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ, ਜਸਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਫਾਰਮੇਸੀ ਅਫ਼ਸਰ, ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਵਿੱਕੀ ਰਾਮਪੁਰਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਬਠਿੰਡਾ, ਮਨੀਸ਼ ਕੁਮਾਰ ਪੈਰਾ ਮੈਡੀਕਲ ਆਗੂ, ਵੀਰਪਾਲ ਕੌਰ ਜ਼ਿਲ੍ਹਾ ਖਜਾਨਚੀ ਆਊਟਸੋਰਸ ਯੂਨੀਅਨ ਬਠਿੰਡਾ, ਆਗੂ ਆਊਟਸੋਰਸ ਯੂਨੀਅਨ ਬਲਵੰਤ ਸਿੰਘ ਬੱਲੀ , ਭੁਪਿੰਦਰ ਸਿੰਘ ਨਿਓਰ ਅਤੇ ਅਮਨਦੀਪ ਕੁਮਾਰ ਜਿਲ੍ਹਾ ਕਮੇਟੀ ਆਗੂ ਪ ਸ ਸ ਫ਼ ਵਿਗਿਆਕ, ਤਰਸੇਮ ਸਿੰਘ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਅਟੈਂਡੈਟ ਯੂਨੀਅਨ, ਰਾਜੂ ਸਿੰਘ ਵ/ਅ, ਪਰਮਜੀਤ ਕੌਰ ਸਿੱਧੂ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਅਤੇ ਰਵਿੰਦਰਪਾਲ ਕੌਰ ਜਨਰਲ ਸਕੱਤਰ ਨਰਸਿੰਗ ਐਸੋਸੀਏਸ਼ਨ ਆਦਿ ਆਗੂਆ ਨੇ ਸੰਬੋਧਨ ਕੀਤਾ।