Sri Akal Takht Sahib ਨੇ Sikh MPs ਨੂੰ ਲਿਖੀ ਚਿੱਠੀ, ਸੰਸਦ 'ਚ ‘ਵੀਰ ਬਾਲ ਦਿਵਸ' ਦਾ ਨਾਂਅ ਬਦਲਵਾਉਣ ਦੀ ਕੀਤੀ ਮੰਗ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 9 ਦਸੰਬਰ, 2025: ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾਣ ਵਾਲੇ 'ਵੀਰ ਬਾਲ ਦਿਵਸ' ਦੇ ਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Giani Kuldeep Singh Gargaj) ਦੇ ਆਦੇਸ਼ 'ਤੇ ਅਕਾਲ ਤਖ਼ਤ ਸਕੱਤਰੇਤ ਨੇ ਭਾਰਤੀ ਸੰਸਦ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਮੂਹ ਸਿੱਖ ਮੈਂਬਰਾਂ (MPs) ਨੂੰ ਇੱਕ ਵਿਸ਼ੇਸ਼ ਪੱਤਰ ਲਿਖਿਆ ਹੈ।
ਇਸ ਪੱਤਰ ਵਿੱਚ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸੰਸਦ ਅੰਦਰ ਕੇਂਦਰ ਸਰਕਾਰ 'ਤੇ ਦਬਾਅ ਬਣਾ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ 'ਵੀਰ ਬਾਲ ਦਿਵਸ' (Veer Bal Diwas) ਦੀ ਥਾਂ ਅਧਿਕਾਰਤ ਤੌਰ 'ਤੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' (Sahibzade Shahadat Diwas) ਕਰਵਾਉਣ।
ਸੰਗਤ ਨੂੰ ਨਾਂ 'ਤੇ ਇਤਰਾਜ਼, ਸਰਕਾਰ ਨੇ ਨਹੀਂ ਦਿੱਤਾ ਧਿਆਨ
ਸਾਂਸਦਾਂ ਨੂੰ ਭੇਜੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਲ 2022 ਤੋਂ ਭਾਰਤ ਸਰਕਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾ ਰਹੀ ਹੈ। ਹਾਲਾਂਕਿ, ਸਿੱਖ ਸੰਗਤ ਨੂੰ ਇਸ ਨਾਂ 'ਤੇ ਭਾਰੀ ਇਤਰਾਜ਼ ਹੈ ਅਤੇ ਇਸਨੂੰ ਬਦਲਣ ਲਈ ਅਕਾਲ ਤਖ਼ਤ 'ਤੇ ਢੇਰਾਂ ਪੱਤਰ ਵੀ ਆਏ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਨੂੰ ਸੁਝਾਅ ਭੇਜਿਆ ਸੀ ਕਿ ਸਿੱਖ ਭਾਵਨਾਵਾਂ ਅਤੇ ਸ਼ਬਦਾਵਲੀ ਮੁਤਾਬਕ ਇਸਦਾ ਨਾਂ ਬਦਲਿਆ ਜਾਵੇ, ਪਰ ਸਰਕਾਰ ਨੇ ਹੁਣ ਤੱਕ ਇਸ ਮਾਮਲੇ 'ਤੇ ਗੰਭੀਰਤਾ ਨਾਲ ਗੌਰ ਨਹੀਂ ਕੀਤਾ ਹੈ।
ਸਾਂਸਦਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ
ਜਥੇਦਾਰ ਨੇ ਸਮੂਹ ਸਾਂਸਦਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸੰਸਦ ਦੇ ਅੰਦਰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ। ਉਨ੍ਹਾਂ ਨੂੰ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਪਵੇਗਾ ਤਾਂ ਜੋ ਸਰਕਾਰ ਅਧਿਕਾਰਤ ਰੂਪ ਵਿੱਚ ਇਸ ਦਿਹਾੜੇ ਦਾ ਨਾਂ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਐਲਾਨੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਂਸਦ ਇਸ ਕੰਮ ਲਈ ਪੁਰਜ਼ੋਰ ਕੋਸ਼ਿਸ਼ ਕਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣਨ। ਇਹ ਪੱਤਰ ਸਾਰੇ ਸਾਂਸਦਾਂ ਦੇ ਅਧਿਕਾਰਤ ਈਮੇਲ (Official Email) ਪਤਿਆਂ 'ਤੇ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਸਾਂਸਦਾਂ ਨੂੰ ਲਿਖਿਆ ਗਿਆ ਪੱਤਰ
ਇਹ ਸਾਂਝਾ ਪੱਤਰ ਪੰਜਾਬ ਅਤੇ ਦੇਸ਼ ਦੇ ਪ੍ਰਮੁੱਖ ਸਿੱਖ ਚਿਹਰਿਆਂ ਨੂੰ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਰਾਜ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri), ਰਾਜ ਸਭਾ ਮੈਂਬਰ ਹਰਭਜਨ ਸਿੰਘ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਸ੍ਰੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਫਿਰੋਜ਼ਪੁਰ ਤੋਂ ਸ਼ੇਰ ਸਿੰਘ, ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਸ੍ਰੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।