ਬਲਾਕ ਸੰਮਤੀ ਚੇਅਰਮੈਨ ਕੁਲਦੀਪ ਸਿੰਘ ਠੱਗੀ ਦੇ ਮਾਮਲੇ ਵਿੱਚ ਗ੍ਰਿਫਤਾਰ
30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹਰਦੀਪ ਸਿੰਘ ਫੱਤੂਬਰਕ ਵੱਲੋਂ ਕਰਵਾਇਆ ਸੀ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 19 ਸਤੰਬਰ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਪਸਵਾਲ ਦਾ ਇੱਕ ਸਿਆਸੀ ਆਗੂ ਕੁਲਦੀਪ ਸਿੰਘ ਨੂੰ ਬੀਤੀ ਸ਼ਾਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੀਪਕਾ ਨੇ ਦੱਸਿਆ ਕਿ ਕੁਲਦੀਪ ਸਿੰਘ ਪਸਵਾਲ ਜੋ ਕਿ ਕਾਹਨੂੰਵਾਨ ਬਲਾਕ ਸੰਮਤੀ ਦਾ ਚੇਅਰਮੈਨ ਹੈ ਉਸ ਨੂੰ ਧਾਰਾ 420 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਹਰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫੱਤੂਬਰਕਤ ਵੱਲੋਂ ਦਰਜ ਕਰਵਾਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਚੇਅਰਮੈਨ ਕੁਲਦੀਪ ਸਿੰਘ ਵੱਲੋਂ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਨੌਕਰੀ ਦਿਵਾਉਣ ਲਈ 30 ਲੱਖ ਰੁਪਏ ਲਿਆ ਸੀ। ਪਰ ਉਸ ਵੱਲੋਂ ਕੋਈ ਨੌਕਰੀ ਨਾ ਦਿਵਾਏ ਜਾਣ ਬਾਅਦ ਉਸ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਉਸ ਨੇ ਦੋ ਵਾਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੈਸੇ ਵਾਪਸ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸ ਵੱਲੋਂ ਪੈਸੇ ਵਾਪਸ ਨਾ ਕੀਤੇ ਜਾਣ ਬਾਅਦ ਮਾਮਲਾ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਲੁਦੀਪ ਸਿੰਘ ਹੋਰ ਵੀ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਕਲੁਦੀਪ ਸਿੰਘ ਵੱਲੋਂ ਗ਼ਲਤ ਦਸਤਾਵੇਜ਼ ਦੇ ਕੇ ਪਾਸਪੋਰਟ ਵੀ ਬਣਵਾਇਆ ਹੈ ਜਿਸ ਦੇ ਤਹਿਤ ਸ਼ਿਕਾਇਤ ਕਰਤਾ ਕੁਲਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਪਿੰਡ ਭੋਲੇਕੇ ਤਹਿਸੀਲ ਬਟਾਲਾ ਨੇ ਬੀਤੀ 12 ਸਤੰਬਰ ਨੂੰ ਐ.ਆਈ.ਆਰ. ਨੰ. 081 ਅਧੀਨ ਧਾਰਾ 420 ਤਹਿਤ ਇੱਕ ਹੋਰ ਮਾਮਲਾ ਵੀ ਕੁਲਦੀਪ ਸਿੰਘ ਦਰਜ ਹੋਇਆ ਹੈ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਸ ਦਾ 10ਵੀਂ ਜਮਾਤ ਦਾ ਸਰਟੀਫਿਕੇਟ ਝੂਠਾ ਦਸਤਾਵੇਜ਼ ਪੇਸ਼ ਕਰਕੇ ਪਾਸਪੋਰਟ ਜਾਰੀ ਕਰਵਾਇਆ ਗਿਆ ਸੀ। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਕੁਲਦੀਪ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।