ਅੰਮ੍ਰਿਤਸਰ ਏਅਰਪੋਰਟ ‘ਤੇ ਹੁਣ ਫਾਸਟ ਟ੍ਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਉਪਲਬਧ
ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੀਤਾ ਸਵਾਗਤ; ਯਾਤਰੀਆਂ ਨੇ ਜਤਾਈ ਖੁਸ਼ੀ
ਅੰਮ੍ਰਿਤਸਰ, 16 ਸਤੰਬਰ 2025: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਯਾਤਰੀ ਹੁਣ ਇਮੀਗ੍ਰੇਸ਼ਨ ਲਈ ਲੰਬੀਆਂ ਲਾਈਨਾਂ ਤੋਂ ਬਚ ਸਕਣਗੇ। ਹਵਾਈ ਅੱਡੇ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ / ਟਰੱਸਟਡ ਟ੍ਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਸ ਵਿਸ਼ਵ-ਪੱਧਰੀ ਸਹੂਲਤ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ, ਜਿਸ ਦੇ ਤਹਿਤ ਹਵਾਈ ਅੱਡੇ ‘ਤੇ ਹੁਣ ਅੱਠ ਆਟੋਮੈਟਿਡ ਈ-ਗੇਟ — ਚਾਰ ਆਗਮਨ ਲਈ ਅਤੇ ਚਾਰ ਰਵਾਨਗੀ ਲਈ — ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਯਾਤਰੀ ਸਿਰਫ ਕੁਝ ਸਕਿੰਟਾਂ ‘ਚ ਬਾਇਓਮੈਟਰਿਕ ਤਸਦੀਕ ਨਾਲ ਇਮੀਗ੍ਰੇਸ਼ਨ ਕਲੀਅਰ ਕਰ ਸਕਣਗੇ।
ਯਾਤਰੀ ਇਸ ਲਈ ਆਨਲਾਈਨ ਰਜਿਸਟ੍ਰੇਸ਼ਨ ftittp.mha.gov.in ‘ਤੇ ਕਰ ਸਕਦੇ ਹਨ। ਇੱਕ ਵਾਰ ਰਜਿਸਟ੍ਰੇਸ਼ਨ ਅਤੇ ਬਾਇਓਮੈਟਰਿਕ ਡਾਟਾ ਹਵਾਈ ਅੱਡੇ ਜਾਂ ਐੱਫ.ਆਰ.ਆਰ.ਓ ਦਫ਼ਤਰ ‘ਚ ਦਰਜ ਹੋਣ ਤੋਂ ਬਾਅਦ, ਇਹ ਸੁਵਿਧਾ ਪੰਜ ਸਾਲ ਜਾਂ ਪਾਸਪੋਰਟ ਦੀ ਮਿਆਦ ਸਮਾਪਤ ਹੋਣ ਤੱਕ ਵਰਤੀ ਜਾ ਸਕਦੀ ਹੈ। ਇਹ ਸਹੂਲਤ ਭਾਰਤੀ ਪਾਸਪੋਰਟ ਧਾਰਕਾਂ ਅਤੇ ਓ.ਸੀ.ਆਈ ਕਾਰਡ ਧਾਰਕਾਂ ਲਈ ਮੁਫ਼ਤ ਉਪਲਬਧ ਹੈ।
ਇਸ ਨਵੀਂ ਸਹੂਲਤ ਦਾ ਸਵਾਗਤ ਕਰਦੇ ਹੋਏ, ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ, “ਅੰਮ੍ਰਿਤਸਰ ਲਈ ਇਹ ਇਕ ਇਤਿਹਾਸਕ ਕਦਮ ਹੈ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼, ਸੁਚਾਰੂ, ਆਸਾਨ ਅਤੇ ਬਿਨਾਂ ਤਣਾਅ ਵਾਲੀ ਹੋਵੇਗੀ। ਇਸ ਰਾਹੀਂ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਾਊਂਟਰਾਂ ‘ਤੇ ਖੜ੍ਹਾ ਨਹੀਂ ਹੋਣਾ ਪਵੇਗਾ ਅਤੇ ਬਿਨਾਂ ਬੇਵਜ੍ਹਾ ਸਵਾਲਾਂ ਤੋਂ ਬਚਦੇ ਹੋਏ ਕਰੀਬ ਇੱਕ ਘੰਟਾ ਸਮਾਂ ਬਚਾਇਆ ਜਾ ਸਕੇਗਾ। ਦੋਹਾ, ਦੁਬਈ, ਸ਼ਾਰਜਾਹ, ਮਿਲਾਨ, ਕੁਆਲਾਲੰਪੁਰ, ਸਿੰਗਾਪੁਰ, ਬੈਂਕਾਕ, ਲੰਡਨ ਅਤੇ ਬਰਮਿੰਘਮ ਵਰਗੇ ਸਥਾਨਾਂ ਲਈ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਯਾਤਰੀ ਸਿੱਧੇ ਤੌਰ ‘ਤੇ ਇਸਦਾ ਲਾਭ ਲੈਣਗੇ।”
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅਮਰੀਕਾ ਨਿਵਾਸੀ ਸਮੀਪ ਸਿੰਘ ਗੁਮਟਾਲਾ ਨੇ ਅੱਗੇ ਕਿਹਾ, “ਐਨ.ਆਰ.ਆਈਜ਼ ਜਿੰਨ੍ਹਾਂ ਵਿੱਚ ਓ.ਸੀ.ਆਈ ਕਾਰਡ ਧਾਰਕ ਅਤੇ ਗ੍ਰੀਨ ਕਾਰਡ ਵਾਲੇ ਭਾਰਤੀ ਪਾਸਪੋਰਟ ਧਾਰਕ ਜੋ ਅਮਰੀਕਾ, ਕੈਨੇਡਾ ਜਾਂ ਹੋਰਨਾਂ ਦੇਸ਼ਾਂ ਦੇ ਪਰਮਾਨੈਂਟ ਰੈਜ਼ੀਡੈਂਟ (ਪੀਆਰ) ਦਾ ਦਰਜਾ ਰੱਖਦੇ ਹਨ, ਉਨ੍ਹਾਂ ਲਈ ਇਹ ਵੱਡੀ ਰਾਹਤ ਹੈ। ਹੁਣ ਨਾ ਤਾਂ ਲੰਬੀਆਂ ਲਾਈਨਾਂ ਵਿੱਚ ਇੰਤਜ਼ਾਰ ਕਰਨਾ ਪਵੇਗਾ ਅਤੇ ਨਾ ਹੀ ਸਵਾਲਾਂ ਨਾਲ ਦੇਰੀ ਹੋਵੇਗੀ। ਯਾਤਰੀਆਂ ਨੂੰ ਅੰਮ੍ਰਿਤਸਰ ‘ਤੇ ਹੁਣ ਇਕ ਵਿਸ਼ਵ-ਪੱਧਰੀ ਅਤੇ ਬਿਨਾਂ ਝੰਜਟ ਵਾਲੀ ਇਮੀਗ੍ਰੇਸ਼ਨ ਪ੍ਰਕਿਰਿਆ ਮਿਲੇਗੀ।”
ਕਾਮਰਾ ਅਤੇ ਗੁਮਟਾਲਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹਵਾਈ ਅੱਡੇ ‘ਤੇ ਪਹਿਲਾਂ ਤੋਂ ਹੀ ਲਗਾਏ ਗਏ ਇਨਲਾਈਨ ਬੈਗੇਜ ਸਕ੍ਰੀਨਿੰਗ ਸਿਸਟਮ ਨੂੰ ਵੀ ਬਿਨਾਂ ਹੋਰ ਦੇਰੀ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦਾ ਪੂਰਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਅਥਾਰਟੀ ਨੂੰ ਹਵਾਈ ਅੱਡੇ ‘ਤੇ “ਡਿਜੀ ਯਾਤਰਾ ਸਿਸਟਮ” ਦੀ ਸਹੂਲਤ ਵੀ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਯਾਤਰੀਆਂ ਲਈ ਉਡੀਕ ਸਮਾਂ ਘਟੇਗਾ। ਇਹ ਇਕ ਆਧੁਨਿਕ, ਬਿਨਾਂ ਸੰਪਰਕ ਵਾਲੀ ਬਾਇਓਮੈਟਰਿਕ ਅਤੇ ਚਿਹਰਾ ਪਹਿਚਾਣ ਕਰਨ ਵਾਲੀ ਪ੍ਰਣਾਲੀ ਹੈ, ਜੋ ਭਾਰਤ ਦੇ ਕਈ ਹਵਾਈ ਅੱਡਿਆਂ ‘ਤੇ ਸਫਲਤਾਪੂਰਵਕ ਸ਼ੁਰੂ ਕੀਤੀ ਜਾ ਚੁੱਕੀ ਹੈ।