ਸਵਾਲ ਐਸਜੀਪੀਸੀ ਦੀ ਸੇਵਾ ਤੇ ਨਹੀਂ, ਇਤਰਾਜ਼ ਸੇਵਾ ਤਹਿਤ ਇੱਕ ਵਿਅਕਤੀ ਵਿਸ਼ੇਸ਼ ਦੀ ਗੁਆਚੀ ਸਿਆਸਤ ਲਈ ਪੰਥ ਦੀ ਸਿਰਮੌਰ ਜਮਾਤ ਦੀ ਸਾਖ ਨੂੰ ਦਾਅ ਤੇ ਲਗਾਉਣ ਤੇ ਹੈ - ਪੁੜੈਣ
ਪ੍ਰਮੋਦ ਭਾਰਤੀ
ਚੰਡੀਗੜ੍ਹ 16 ਸਤੰਬਰ,2025
ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਪੁੜੈਣ ਅਤੇ ਐਸਜੀਪੀਸੀ ਮੈਂਬਰ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਗੁੰਮਰਾਹਕੁੰਨ ਪ੍ਰਚਾਰ ਬੰਦ ਕਰਨ ਦੀ ਨਸੀਹਤ ਦਿੱਤੀ। ਜੱਥੇਦਾਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪੂਰੀ ਤਰਾਂ ਸੁਖਬੀਰ ਬਾਦਲ ਦੇ ਬੁਲਾਰੇ ਦੇ ਤੌਰ ਤੇ ਪੱਖ ਪੂਰ ਰਹੇ ਹਨ। ਜੱਥੇਦਾਰ ਪੁੜੈਣ ਨੇ ਕਿਹਾ ਕਿ, ਅੱਜ ਇੱਕ ਪੂਰਨ ਵਿਉਂਤਬੰਦੀ ਨਾਲ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਸੁਖਬੀਰ ਬਾਦਲ ਦੇ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਵਿੱਚ ਜੁਟੇ ਹੋਏ ਹਨ। ਇਹ ਕੋਈ ਸਧਾਰਨ ਘਟਨਾਕ੍ਰਮ ਨਹੀਂ ਕਿ ਜਿਸ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੁਖਬੀਰ ਬਾਦਲ ਜਾਕੇ ਐਲਾਨ ਕਰਨ,ਅਤੇ ਉਸ ਦੇ ਅਗਲੇ ਦਿਨਾਂ ਵਿੱਚ ਹੀ ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰੂ ਘਰ ਦੇ ਸੇਵਾਦਾਰ ਐਲਾਨਾਂ ਦੀ ਪੂਰਤੀ ਵਿੱਚ ਮਸ਼ਰੂਫ ਹੋ ਜਾਣ।
ਜੱਥੇਦਾਰ ਪੁੜੈਣ ਨੇ ਜੋਰ ਦੇਕੇ ਕਿ ਕਿਹਾ ਕਿ, ਐਸਜੀਪੀਸੀ ਸੇਵਾ ਇਸ ਤੋਂ ਵੱਧ ਕਰੇ,ਪੂਰਾ ਪੰਥ ਐਸਜੀਪੀਸੀ ਦੇ ਕਾਰਜ ਵਿੱਚ ਸਾਥ ਦੇਵੇਗਾ ਪਰ ਇਹ ਕਦੇ ਵੀ ਬਰਦਾਸ਼ਤ ਨਹੀਂ ਕਿ ਇਸ ਸੇਵਾ ਪਿੱਛੇ ਮਕਸਦ ਸਿਰਫ ਤੇ ਸਿਰਫ਼ ਇੱਕ ਵਿਅਕਤੀ ਵਿਸ਼ੇਸ਼ ਦੀ ਨਕਾਰੀ ਹੋਈ ਸਿਆਸਤ ਨੂੰ ਉਭਾਰਨ ਦੇ ਆਲੇ ਦੁਆਲੇ ਦਾਇਰਾ ਸੀਮਤ ਕਰ ਲਿਆ ਜਾਵੇ।
ਇਸ ਦੇ ਨਾਲ ਹੀ ਜੱਥੇਦਾਰ ਪੁੜੈਣ ਨੇ ਕਿਹਾ ਕਿ, 53 ਨੰਬਰ ਮਤੇ ਉਪਰ ਵੀ ਐਸਜੀਪੀਸੀ ਪ੍ਰਧਾਨ ਨੇ ਸੰਗਤ ਨੂੰ ਗੁੰਮਰਾਹ ਕੀਤਾ ਹੈ। ਇਸ ਮਤੇ ਤਹਿਤ ਸਾਰੇ ਅਧਿਕਾਰ ਸਕੱਤਰ ਨੂੰ ਦਿੱਤੇ ਗਏ ਹਨ। ਇਹ ਮਤਾ ਸਿਰਫ ਤੇ ਸਿਰਫ ਸਿਆਸੀ ਹਿਤਾਂ ਦੀ ਪੂਰਤੀ ਕਰਨ ਲਈ ਪਾਸ ਕੀਤਾ ਗਿਆ ਹੈ। ਓਹਨਾਂ ਐਸਜੀਪੀਸੀ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਓਹ ਗੁਰੂ ਦੀ ਹਾਜ਼ਰੀ ਵਿੱਚ ਇਸ ਗੱਲ ਤੋਂ ਇਨਕਾਰ ਕਰਨ, ਕਿ ਮੇਰੇ ਵਲੋ ਧਿਆਨ ਵਿੱਚ ਲਿਆਂਦੇ ਗਏ ਹਲਕਾ ਇੰਚਾਰਜ ਦੀ ਅਗਵਾਈ ਹੇਠ ਵੰਡੇ ਗਏ ਡੀਜ਼ਲ ਨੂੰ ਗਲਤ ਕਰਾਰ ਦਿੱਤਾ ਸੀ ਜਾਂ ਨਹੀਂ। ਓਹਨਾਂ ਕਿਹਾ ਕਿ ਖੁਦ ਧਾਮੀ ਸਾਹਿਬ ਨੇ ਹਲਕਾ ਇੰਚਾਰਜ ਵਲੋ ਡੀਜ਼ਲ ਵੰਡਣ ਨੂੰ ਅਤਿ ਨਿੰਦਣਯੋਗ ਕਾਰਜ ਕਰਾਰ ਦਿੱਤਾ ਸੀ ਪਰ ਬਾਅਦ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਧਾਮੀ ਸਾਹਿਬ ਦੇ ਸ਼ਬਦ ਬਦਲ ਗਏ। ਜੱਥੇਦਾਰ ਪੁੜੈਣ ਨੇ ਕਿਹਾ ਕਿ ਸੁਖਬੀਰ ਬਾਦਲ ਪੰਜ ਤਾਰੀਖ ਨੂੰ ਡੀਜਲ ਦੇਣ ਦਾ ਐਲਾਨ ਕਰਦੇ ਨੇ, 9 ਸਤੰਬਰ ਤੱਕ ਸੁਖਬੀਰ ਬਾਦਲ ਵੱਲੋ ਇੱਕ ਬੂੰਦ ਡੀਜਲ ਨਹੀਂ ਵੰਡਿਆ ਗਿਆ, 10 ਤਾਰੀਖ ਨੂੰ ਐਸਜੀਪੀਸੀ ਵਲੋ ਵੰਡੇ ਡੀਜਲ ਨੂੰ ਆਪਣੇ ਹਲਕਾ ਇੰਚਾਰਜ ਜਰੀਏ ਸਿਆਸੀ ਲਾਹਾ ਜਰੂਰ ਲਿਆ।
ਜੱਥੇਦਾਰ ਪੁੜੈਣ ਨੇ ਸੁਖਬੀਰ ਧੜੇ ਦੇ ਹਲਕਾ ਇੰਚਾਰਜ ਐਨ ਕੇ ਸ਼ਰਮਾ ਦੀ ਧਮਕੀ ਭਰੀ ਅਤੇ ਭੜਕਾਹਟ ਭਰੀ ਸ਼ਬਾਦਵਲੀ ਤੇ ਐਸਜੀਪੀਸੀ ਪ੍ਰਧਾਨ ਨੂੰ ਕਟਹਿਰਾ ਵਿੱਚ ਖੜ੍ਹਾ ਕਰਦੇ ਕਿਹਾ ਕਿ, ਅੱਜ ਸੁਖਬੀਰ ਬਾਦਲ ਦੀ ਦਖਲ ਅੰਦਾਜੀ ਨੇ ਐਸਜੀਪੀਸੀ ਨੂੰ ਏਨਾ ਕਮਜੋਰ ਕਰ ਦਿੱਤਾ ਹੈ ਕਿ ਪੰਥਕ ਹਿੱਤਾਂ ਦੇ ਉਲਟ ਹੋ ਰਹੇ ਕਾਰਜ ਦਾ ਵਿਰੋਧ ਕਰਨ ਵਾਲੇ ਪੰਥ ਦਰਦੀਆਂ ਨੂੰ ਧਮਕਾਇਆ ਜਾ ਰਿਹਾ ਹੈ। ਓਹਨਾ ਕਿਹਾ ਕਿ ਐਨ ਕੇ ਸ਼ਰਮਾ ਸੰਗਤ ਸਾਹਮਣੇ ਹਾਸੋਹੀਣਾ ਦਾਅਵਾ ਕਰ ਰਹੇ ਨੇ ਕਿ ਓਹਨਾ ਦੇ ਧੜੇ ਵੱਲੋਂ ਹੜ ਆਉਣ ਤੋਂ ਡੇਢ ਮਹੀਨਾ ਪਹਿਲਾਂ ਹੀ ਆਰਡਰ ਦੇ ਦਿੱਤੇ ਗਏ ਸਨ।