Punjab News: ICICl ਬੈਂਕ ਵੱਲੋਂ ਮਜ਼ਦੂਰ ਦੇ ਘਰ ਦੀ ਕੁਰਕੀ ਕਰਨ ਦੇ ਹੁਕਮ
ਵਿਰੋਧ ਵਜੋਂ ਮਜ਼ਦੂਰਾਂ ਦੀ ਕੀਤੀ ਲਾਮਬੰਦੀ
ਮਨਜੀਤ ਸਿੰਘ ਢੱਲਾ
ਜੈਤੋ,01 ਜੁਲਾਈ 2025- ਪਿੰਡ ਭਗਤੂਆਣਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੁਖਦੀਪ ਕੌਰ ਦੇ ਘਰ ਦੀ ਕੁਰਕੀ ਦੇ ਮਸਲੇ ਨੂੰ ਲੈ ਕੇ ਮੀਟਿੰਗ ਕਰਵਾਈ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਪਾਲ ਸਿੰਘ ਨੰਗਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ ਬੈਂਕ ਵੱਲੋਂ ਮਜ਼ਦੂਰ ਪਰਿਵਾਰ ਦੇ ਘਰਦੀ ਕੁਰਕੀ ਦੇ ਹੁਕਮ ਦੇ ਵਜੋਂ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਸੁਖਦੀਪ ਕੌਰ ਦੇ ਪਤੀ ਨੇ ਬੈਂਕ ਤੋਂ 13 ਲੱਖ ਦਾ ਕਰਜ਼ਾ ਲਿਆ ਸੀ। ਜਿਸਦੇ ਵਿੱਚੋਂ ਉਹਨਾਂ ਨੇ 7 ਲੱਖ 80 ਹਜ਼ਾਰ ਕਿਸ਼ਤਾਂ ਦੇ ਰੂਪ ਵਿੱਚ ਉਤਾਰ ਦਿੱਤਾ ਹੈ। ਉਹਨਾਂ ਕਿਹਾ ਪਿਛਲੇ ਦੋ ਵਰ੍ਹਿਆਂ ਤੋਂ ਸੁਖਦੀਪ ਕੌਰ ਦਾ ਪਤੀ ਘਰੋਂ ਚਲਾ ਗਿਆ ਹੈ ਅਤੇ ਉਹਨੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਹੈ ਜਿਸਦਾ ਪਤਾ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਉਸਨੇ ਕਿਸ਼ਤ ਭਰਨੀ ਬੰਦ ਕਰ ਦਿੱਤੀ ਅਤੇ ਬੈਂਕ ਦੇ ਨੋਟਿਸ ਆਉਣ ਲੱਗ ਪਏ।
ਉਹਨਾਂ ਕਿਹਾ ਹੁਣ ਬੈਂਕ ਦੇ ਵੱਲੋਂ 13 ਲੱਖ 92 ਹਜ਼ਾਰ ਵਿਆਜ਼ ਲਾ ਕੇ ਦੁਬਾਰਾ ਫਿਰ ਬਣਾ ਲਿਆ ਹੈ ਜਦੋਂ ਕਿ ਉਹਨਾਂ ਵੱਲੋਂ ਭਰੇ ਹੋਏ ਪੈਸਿਆਂ ਦਾ ਕੋਈ ਸਾਵ ਕਿਤਾਬ ਨਹੀਂ। ਉਹਨਾਂ ਕਿਹਾ ਹੁਣ ਪਿਛਲੇ ਦਿਨਾਂ ਦੇ ਵਿੱਚ ਬੈਂਕ ਵੱਲੋਂ ਘਰਦੇ ਬਾਹਰ ਨੋਟਿਸ ਲਾਇਆ ਹੈ ਜਿਸਦੇ ਵਿਚ 2 ਜੁਲਾਈ ਨੂੰ ਘਰ ਦੀ ਕੁਰਕੀ ਕਰਨ ਦੇ ਹੁਕਮ ਹਨ ਜਿਸ ਦੇ ਅਧਾਰ ਤੇ ਉਹਨਾਂ ਨੂੰ ਘਰ ਖ਼ਾਲੀ ਕਰਨ ਲਈ ਕਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਮਜ਼ਦੂਰ ਪਰਿਵਾਰ ਦੀ ਘਰ ਦੀ ਕੁਰਕੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਅਜ਼ਾਦੀ ਦੇ ਸਾਢੇ ਸੱਤ ਦਹਾਕੇ ਬੀਤਣ ਦੇ ਬਾਅਦ ਵੀ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਚੁੱਕਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਓਥੇ ਹੀ ਮਜ਼ਦੂਰ ਪਰਿਵਾਰ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ ਅਤੇ ਉਹਨਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅਸਲ ਵਿੱਚ ਇਸ ਸਾਰੇ ਕੁਝ ਦੇ ਪਿੱਛੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹਨ ਜਿਹਨਾਂ ਨੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਹੈ। ਜਿਸ ਕਰਕੇ ਉਹ ਇਹਨਾਂ ਬੈਂਕਾਂ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਦੇ ਹੇਠਾਂ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਇਹ ਜ਼ੋਰਦਾਰ ਮੰਗ ਹੈ ਕਿ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਸਿਰ ਚੜ੍ਹੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਸਰਕਾਰੀ ਬੈਂਕਾਂ ਦੇ ਸਸਤੇ ਕਰਜ਼ੇ ਦੇਣ ਦਾ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਜਿਵੇਂ ਵੱਡੇ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ। ਓਥੇ ਕਿਰਤੀ ਲੋਕਾਂ ਦੇ ਕਰਜ਼ਿਆਂ ਤੇ ਵੀ ਲੀਕ ਮਾਰੀ ਜਾਣੀ ਚਾਹੀਦੀ ਹੈ। ਇਸ ਮੌਕੇ ਪਿੰਡ ਦੇ ਖੇਤ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਵਿਚ ਮੀਟਿੰਗ ਕੀਤੀ ਅਤੇ 2 ਜੁਲਾਈ ਨੂੰ ਇਸ ਮਜ਼ਦੂਰ ਪਰਿਵਾਰ ਦਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ।