Canada : ਜਨਤਕ ਸੁਰੱਖਿਆ ਬਾਰੇ ਰਾਉਂਡ ਟੇਬਲ ਮੀਟਿੰਗ ਰਹੀ ਕਾਮਯਾਬ
ਬਰੈਂਪਟਨ, ਉਨਟਾਰੀਓ : ਪੀਲ ਰੀਜ਼ਨ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਮਹੱਤਵਪੂਰਨ ਕਦਮ ਵਜੋਂ ਇਲਾਕੇ ਦੇ ਤਿੰਨਾਂ ਹੀ ਸਰਕਾਰੀ ਪੱਧਰਾਂ ਫੈਡਰਲ, ਸੂਬਾਈ ਅਤੇ ਮਿਉਂਸਪਲ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਰਾਉਂਡ ਟੇਬਲ ਬੈਠਕ ਵਿੱਚ ਹਿੱਸਾ ਲੈ ਕੇ ਗੰਭੀਰ ਚਰਚਾਵਾਂ ਕੀਤੀਆਂ ਹਨ। ਇਹ ਮੀਟਿੰਗ ਕਵੀਨ ਮੈਨਰ ਵਿਖੇ ਹੋਈ ਹੈ ਜਿਸਨੂੰ ਪਬਲਿਕ ਸੇਫਟੀ ਫਰੰਟ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਚੋਣ ਜਿੱਤ ਕੇ ਆਏ ਨੁਮਾਇੰਦਿਆਂ , ਪੁਲਿਸ ਅਫਸਰਾਂ ਅਤੇ ਜਨਤਕ ਸੁਰੱਖਿਆ ਫਰੰਟ ਦੇ ਨੁਮਾਇੰਦਿਆਂ ਨੇ ਸੰਜੀਦਗੀ ਅਤੇ ਗੰਭੀਰਤਾ ਨਾਲ ਪੀਲ ਖੇਤਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਹੋਰ ਗੰਭੀਰ ਮੁਦਿਆਂ ਤੇ ਵਿਚਾਰ ਸਾਂਝੇ ਕੀਤੇ ਹਨ। ਇਸ ਮੌਕੇ ਚਰਚਾ ਕੀਤੇ ਗਏ ਮੁੱਖ ਮੁੱਦਿਆਂ ਵਿੱਚ ਜ਼ਮਾਨਤ ਸਿਸਟਮ ਵਿੱਚ ਸੁਧਾਰ, ਜੇਲ੍ਹਾਂ ਅਤੇ ਨਿਆਂ ਪ੍ਰਣਾਲੀ ਦੀ ਬਹਿਤਰੀ, ਵੱਧ ਰਹੀਆਂ ਫਿਰੌਤੀ ਬਾਬਤ ਧਮਕੀਆਂ ਅਤੇ ਉਗਰਾਹੀ ਦੀਆਂ ਘਟਨਾਵਾਂ, ਵਾਹਨ ਚੋਰੀ ਦੇ ਮਾਮਲੇ ਅਤੇ ਪੀਲ ਪੁਲਿਸ ਨਾਲ "ਡਿਊਟੀ ਟੂ ਵਾਰਨ" ਅਧੀਨ ਵਧੀਆ ਸਹਿਯੋਗ ਸ਼ਾਮਲ ਰਹੇ ਹਨ।
ਇਸ ਰਾਉਂਡ ਟੇਬਲ ਬੈਠਕ ਦੌਰਾਨ ਤਿੰਨਾਂ ਪੱਧਰ ਦੀਆਂ ਸਰਕਾਰਾਂ ਨੇ ਸਹਿਮਤੀ ਜਤਾਈ ਹੈ ਕਿ ਇਹ ਮੁੱਦੇ ਕਿਸੇ ਇਕੱਲੀ ਸਰਕਾਰ ਦੇ ਨਹੀਂ ਬਲਕਿ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹਨ ਅਤੇ ਉਨ੍ਹਾਂ ਨੂੰ ਮਿਲ ਕੇ ਹੱਲ ਕਰਨ ਦੀ ਲੋੜ ਹੈ। ਇਸ ਮੌਕੇ ਉਪਰੰਤ ਇੱਕ ਪ੍ਰਬੰਧਕ ਨੇ ਕਿਹਾ ਕਿ: "ਸਾਰੇ ਹੀ ਭਾਈਚਾਰਿਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਸਾਡੀ ਪਹਿਲੀ ਤਰਜੀਹ ਹੈ। ਅੱਜ ਦੀ ਬੈਠਕ ਇਹ ਸਾਬਤ ਕਰਦੀ ਹੈ ਕਿ ਤਿੰਨੇ ਸਰਕਾਰਾਂ ਮਿਲ ਕੇ ਗੰਭੀਰਤਾ ਨਾਲ ਅਮਲ ਕਰਨ ਲਈ ਬਰਾਬਰ ਦੀ ਜ਼ਿੰਮੇਵਾਰੀ ਨਿਭਾਉਣਗੀਆਂ"। ਇਸ ਮੀਟਿੰਗ ਤੋਂ ਬਾਅਦ ਆਉਣ ਵਾਲੇ ਹਫ਼ਤੇ ਵਿੱਚ ਇੱਕ ਵਿਸਥਾਰਿਤ ਪ੍ਰੈਸ ਰਿਲੀਜ਼ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਅੱਗੇ ਦੇ ਕਦਮ ਅਤੇ ਨਤੀਜੇ ਦੱਸੇ ਜਾਣਗੇ। ਇਹ ਰਾਉਂਡ ਟੇਬਲ ਬੈਠਕ ਭਵਿੱਖ ਵਿੱਚ ਪੂਰੀ ਸਹਿਯੋਗੀ ਰਣਨੀਤੀ ਬਣਾਉਣ ਅਤੇ ਪੀਲ ਖੇਤਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਸਾਬਤ ਹੋ ਸਕਦੀ ਹੈ। ਇਸ ਮੌਕੇ ਪ੍ਰਵੈਂਸ਼ੀਅਲ ਪੱਧਰ ਤੋਂ ਡੱਗ ਡਾਉਨੀ, ਜ਼ੀ ਹਾਮਿਦ, ਪ੍ਰਭਮੀਤ ਸਰਕਾਰੀਆ, ਸ਼ਰਮੀਨ ਏ. ਵਿਲੀਅਮਜ਼, ਗ੍ਰਾਹਮ ਮੈਕਗ੍ਰੇਗਰ, ਅਮਰਜੋਤ ਸੰਧੂ ਅਤੇ ਹਰਦੀਪ ਗਰੇਵਾਲ ਮੌਜੂਦ ਸਨ। ਫੈਡਰਲ ਪੱਧਰ ਤੋਂ ਰੂਬੀ ਸਹੋਤਾ, ਸੋਨੀਆ ਸਿੱਧੂ, ਇਕਵਿੰਦਰ ਗਹੀਰ, ਅਮਨਦੀਪ ਸੋਢੀ, ਅਮਰਜੀਤ ਗਿੱਲ, ਮਨਿੰਦਰ ਸਿੱਧੂ ਅਤੇ ਫਰੇਸ ਅਲ ਸੂਦ ਹਾਜ਼ਰ ਸਨ। ਮਿਉਂਸਪਲ ਪੱਧਰ ਤੋਂ ਹਰਕੀਰਤ ਸਿੰਘ, ਗੁਰਪ੍ਰਤਾਪ ਤੂਰ, ਰੌਡ ਪਾਵਰ, ਪਾਲ ਵਿਸੇਂਟੇ, ਮਾਰੀਓ ਰੂਸੋ ਅਤੇ ਕ੍ਰਿਸਟੀਨਾ ਅਰਲੀ ਹਾਜ਼ਰ ਹੋਏ ਹਨ। ਪਬਲਿਕ ਸੁਰੱਖਿਆ ਟੀਮ ਵੱਲੋਂ ਕੁਲਵਿੰਦਰ ਸਿੰਘ ਛੀਨਾ, ਜੋਤਵਿੰਦਰ ਸੋਢੀ, ਹਰਪ੍ਰੀਤ ਹੰਸਰਾ, ਰਵਿੰਦਰ ਸਾਬ੍ਹ, ਲਖਵੀਰ ਸਿੰਘ ਸਾਹੀ, ਲਖਵਿੰਦਰ ਸਿੰਘ ਧਾਲੀਵਾਲ, ਪ੍ਰੀਤਪਾਲ ਸਿੰਘ ਅਤੇ ਬਲਜੀਤ ਸਿੰਘ ਮੰਡ ਹਾਜ਼ਰ ਸਨ।