ਵੈਟਨਰੀ ਯੂਨੀਵਰਸਿਟੀ ਵਿਖੇ 15 ਦਸੰਬਰ ਨੂੰ ਹੋਵੇਗੀ ਕੁੱਤਿਆਂ ਦੀ ਪ੍ਰਦਰਸ਼ਨੀ
ਲੁਧਿਆਣਾ 12 ਦਸੰਬਰ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 15 ਦਸੰਬਰ 2024 ਨੂੰ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਕਰਵਾਈ ਜਾ ਰਹੀ ਹੈ। ਇਸ ਪ੍ਰ੍ਰਦਰਸ਼ਨੀ ਮੁਕਾਬਲੇ ਵਿੱਚ ਉਤਰੀ ਭਾਰਤ ਦੇ ਵਿਭਿੰਨ ਪ੍ਰਜਾਤੀਆਂ ਦੇ ਕੁੱਤੇ ਸ਼ਾਮਿਲ ਹੋਣਗੇ। ਪਾਲਤੂ ਜਾਨਵਰਾਂ ਨੂੰ ਰੱਖਣ ਵਾਲੇ ਪਾਰਲਰ ਵੀ ਆਪਣੇ ਉਤਪਾਦਾਂ ਅਤੇ ਕੁੱਤਿਆਂ ਨੂੰ ਸਵਾਰਨ ਸ਼ਿੰਗਾਰਨ ਦੇ ਕੌਸ਼ਲ ਨਾਲ ਪਹੁੰਚਣਗੇ। ਇਸ ਸੰਬੰਧੀ ਰਜਿਸਟ੍ਰੇਸ਼ਨ ਉਸੇ ਦਿਨ ਸਵੇਰੇ 08.30 ਤੋ 10.00 ਵਜੇ ਦਰਿਮਆਨ ਹੋਵੇਗੀ। ਇਸ ਸੰਬੰਧੀ ਪਾਲਤੂਆਂ ਦੇ ਮਾਲਕ ਕਿਸੇ ਪਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਆ ਕੇ ਰਜਿਸਟ੍ਰੇਸ਼ਨ ਕਰਵਾ ਲੈਣ।
ਡਾ. ਅਸ਼ਵਨੀ ਸ਼ਰਮਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ ਨੇ ਦੱਸਿਆ ਕਿ ਲੈਬਰਾਡਾਰ ਪ੍ਰਜਾਤੀ ਦੇ ਕੁੱਤਿਆਂ ਸੰਬੰਧੀ ਵਿਸ਼ੇਸ਼ ਪ੍ਰਦਰਸ਼ਨੀ ਕੀਤੀ ਜਾਵੇਗੀ। ਕੁੱਤਿਆਂ ਦਾ ਫੈਸ਼ਨ ਅਤੇ ਸਰਵਉੱਤਮ ਪਹਿਰਾਵਾ ਵਰਗੇ ਵਿਸ਼ੇਸ਼ ਮੁਕਾਬਲੇ ਮਹਿਮਾਨਾਂ ਦੀ ਖਿੱਚ ਦਾ ਕੇਂਦਰ ਹੋਣਗੇ। ਰਜਿਸਟਰ ਕੀਤੇ ਮਾਲਕਾਂ ਦਾ ਨਾਮ ਸੋਵੀਨਾਰ ਅਤੇ ਸ਼ੋਅਬੁੱਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਵਿਭਿੰਨ ਸ਼ੇ੍ਣੀਆਂ ਵਾਸਤੇ ਦਿਲ ਟੁੰਬਵੇਂ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਅਵਾਰਾ ਕੁੱਤਿਆਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਦਾ ਵਿਸ਼ਾ ਹੋਵੇਗਾ ‘ਚੰਗੀ ਸੰਭਾਲ ਨਾਲ ਅਵਾਰਾ ਕੁੱਤਾ ਵੀ ਹੋ ਸਕਦਾ ਹੈ ਇਕ ਆਦਰਸ਼ ਪਾਲਤੂ’। ਇਸ ਢੰਗ ਨਾਲ ਲੋਕਾਂ ਨੂੰ ਅਵਾਰਾ ਕੁੱਤਿਆਂ ਨੂੰ ਪਾਲਤੂ ਬਨਾਉਣ ਲਈ ਜਾਗਰੂਕ ਕੀਤਾ ਜਾਵੇਗਾ।
ਇਸ ਪ੍ਰ੍ਰਦਰਸ਼ਨੀ ਵਿਚ ਕੁੱਤਿਆਂ ਸੰਬੰਧੀ ਦਵਾਈਆਂ, ਖੁਰਾਕ ਅਤੇ ਹੋਰ ਵਸਤਾਂ ਬਨਾਉਣ ਵਾਲੇ ਅਦਾਰੇ ਵੀ ਆਪਣੀਆਂ ਵਸਤਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨਗੇ। ਪਾਲਤੂ ਜਾਨਵਰਾਂ ਦੇ ਮਾਲਕ ਆਪਣੇ ਪਾਲਤੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਸੰਬੰਧੀ ਕੋਈ ਜਾਣਕਾਰੀ ਲੈਣ ਹਿਤ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਵੀ ਕਰ ਸਕਣਗੇ। ਇਹ ਪ੍ਰਦਰਸ਼ਨੀ ਇਕ ਅਜਿਹਾ ਮੰਚ ਹੋਵੇਗੀ ਜਿਥੇ ਡਾਕਟਰ, ਵਿਦਿਆਰਥੀ, ਦਵਾਈ ਨਿਰਮਾਤਾ, ਖੁਰਾਕ ਨਿਰਮਾਤਾ, ਕੁੱਤਿਆਂ ਦੇ ਵਪਾਰੀ ਅਤੇ ਇਨ੍ਹਾਂ ਪਾਲਤੂਆਂ ਦਾ ਸ਼ੌਕ ਰੱਖਣ ਵਾਲੇ ਲੋਕ ਇਕੱਠੇ ਹੋਣਗੇ।