ਟ੍ਰਿਪਲ ਜੰਪ ਦੀ ਉਡਾਨ ਨਾਲ ਪੰਜਾਬ ਦੀ ਧੀ ਨੇ ਰਚਿਆ ਇਤਿਹਾਸ
-ਨਿਹਾਰਿਕਾ ਵਸ਼ਿਸ਼ਟ ਨੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਬਣੀ ਨੈਸ਼ਨਲ ਚੈਂਪੀਅਨ
ਸੁਖਮਿੰਦਰ ਭੰਗੂ
ਲੁਧਿਆਣਾ 27 ਮਈ 2026- ਅਥਲੈਟਿਕਸ ਦੀ ਦੁਨੀਆ ਵਿੱਚ ਟ੍ਰਿਪਲ ਜੰਪ ਇੱਕ ਬਹੁਤ ਹੀ ਟੈਕਨੀਕਲ ਅਤੇ ਮੁਸ਼ਕਲ ਖੇਡ ਮੰਨੀ ਜਾਂਦੀ ਹੈ। ਜਿੱਥੇ ਲਾਂਗ ਜੰਪ ਵਿੱਚ ਖਿਡਾਰੀ ਨੂੰ ਸਿਰਫ ਇੱਕ ਛਾਲ ਲਗਾਉਣੀ ਪੈਂਦੀ ਹੈ, ਉੱਥੇ ਟ੍ਰਿਪਲ ਜੰਪ ਵਿੱਚ ਖਿਡਾਰੀ ਨੂੰ ਤਿੰਨ ਪੜਾਵਾਂ ਵਿੱਚ ਸੰਤੁਲਨ, ਤਾਕਤ ਅਤੇ ਰਫ਼ਤਾਰ ਨਾਲ ਜੰਪ ਪੂਰੀ ਕਰਨੀ ਪੈਂਦੀ ਹੈ। ਇਹੀ ਕਾਰਨ ਹੈ ਕਿ ਇਸ ਖੇਡ ਨੂੰ ਅਥਲੈਟਿਕਸ ਦੀਆਂ ਸਭ ਤੋਂ ਚੁਣੌਤੀਪੂਰਨ ਇਵੈਂਟਾਂ ਵਿੱਚ ਗਿਣਿਆ ਜਾਂਦਾ ਹੈ।
ਪੰਜਾਬ ਲਈ ਮਾਣ ਵਾਲੀ ਗੱਲ ਉਸ ਵੇਲੇ ਬਣੀ ਜਦੋਂ ਰਾਂਚੀ ਵਿੱਚ ਹੋਈਆਂ 29ਵੀਂ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਕੱਪ 2026 ਵਿੱਚ ਪੰਜਾਬ ਦੀ ਹੋਣਹਾਰ ਧੀ ਨਿਹਾਰਿਕਾ ਵਸ਼ਿਸ਼ਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13.64 ਮੀਟਰ ਦੀ ਛਾਲ ਮਾਰ ਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਇਤਿਹਾਸਕ ਪ੍ਰਦਰਸ਼ਨ ਨਾਲ ਨਿਹਾਰਿਕਾ ਨੇ ਨੈਸ਼ਨਲ ਚੈਂਪੀਅਨ ਬਣ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਨਿਹਾਰਿਕਾ ਦੀ ਲਗਾਤਾਰ ਦੂਜੀ ਵੱਡੀ ਕਾਮਯਾਬੀ ਹੈ। ਪਿਛਲੇ ਸਾਲ 2025 ਵਿੱਚ ਵੀ ਉਸ ਨੇ 13.37 ਮੀਟਰ ਦਾ ਜੰਪ ਲਗਾ ਕੇ ਨੈਸ਼ਨਲ ਖਿਤਾਬ ਆਪਣੇ ਨਾਮ ਕੀਤਾ ਸੀ। ਹੁਣ ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡਦਿਆਂ ਉਸ ਨੇ ਇੱਕ ਨਵੀਂ ਉੱਚਾਈ ਛੂਹ ਲਈ ਹੈ।
ਮੋਹਾਲੀ ਦੀ ਰਹਿਣ ਵਾਲੀ ਨਿਹਾਰਿਕਾ ਵਸ਼ਿਸ਼ਟ ਕਈ ਸਾਲਾਂ ਤੋਂ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਂਦੀ ਆ ਰਹੀ ਹੈ। ਯੂ.ਏ.ਈ. ਵਿੱਚ ਹੋਈ ਅਥਲੈਟਿਕਸ ਮੀਟ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤ ਕੇ ਵੀ ਦੇਸ਼ ਦਾ ਮਾਣ ਵਧਾਇਆ ਸੀ।
ਖੇਡਾਂ ਦੇ ਨਾਲ ਨਾਲ ਨਿਹਾਰਿਕਾ ਇੱਕ ਕਾਬਿਲ ਮਾਡਲ ਵੀ ਹੈ। ਮਾਡਲਿੰਗ ਤੋਂ ਹੋਣ ਵਾਲੀ ਕਮਾਈ ਨਾਲ ਉਹ ਆਪਣੀ ਸਪੋਰਟਸ ਦੀਆਂ ਜ਼ਰੂਰਤਾਂ ਅਤੇ ਟ੍ਰੇਨਿੰਗ ਦਾ ਖਰਚਾ ਖੁਦ ਸੰਭਾਲਦੀ ਹੈ। ਇਹ ਗੱਲ ਉਸਦੀ ਖੁਦਮੁਖਤਿਆਰੀ, ਹਿੰਮਤ ਅਤੇ ਜ਼ਿੰਦਗੀ ਪ੍ਰਤੀ ਜਜ਼ਬੇ ਨੂੰ ਦਰਸਾਉਂਦੀ ਹੈ।
ਨਿਹਾਰਿਕਾ ਇਸ ਵੇਲੇ ਸੀਨੀਅਰ ਅਥਲੈਟਿਕਸ ਕੋਚ ਸਵਰਨ ਸਿੰਘ ਦੀ ਰਹਿਨੁਮਾਈ ਹੇਠ ਸਖ਼ਤ ਮਿਹਨਤ ਕਰ ਰਹੀ ਹੈ। ਉਸਦੀ ਕਾਮਯਾਬੀ ਪਿੱਛੇ ਕੋਚ ਦੀ ਮਿਹਨਤ ਅਤੇ ਖਿਡਾਰਨ ਦੀ ਲਗਨ ਦੋਵਾਂ ਦਾ ਵੱਡਾ ਯੋਗਦਾਨ ਹੈ।
ਅੱਜ ਪੰਜਾਬ ਦਾ ਹਰ ਖੇਡ ਪ੍ਰੇਮੀ ਇਸ ਧੀ ਦੀ ਕਾਮਯਾਬੀ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਨਿਹਾਰਿਕਾ ਵਸ਼ਿਸ਼ਟ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਿਹਨਤ, ਅਨੁਸ਼ਾਸਨ ਅਤੇ ਜਿੱਤ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ।
29ਵੀਂ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਕੱਪ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾ ਕੇ ਨੈਸ਼ਨਲ ਚੈਂਪੀਅਨ ਬਣਨ ’ਤੇ ਨਿਹਾਰਿਕਾ ਵਸ਼ਿਸ਼ਟ ਨੂੰ ਦਿਲੋਂ ਮੁਬਾਰਕਾਂ। ਉਮੀਦ ਹੈ ਕਿ ਉਹ ਆਉਣ ਵਾਲੇ ਏਸ਼ੀਆਈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਭਾਰਤ ਲਈ ਸੋਨੇ ਵਰਗੀ ਕਾਮਯਾਬੀ ਹਾਸਲ ਕਰੇਗੀ।