25 ਸਾਲਾ ਗੱਭਰੂ ਗੁਰਿੰਦਰਬੀਰ ਸਿੰਘ ਨੇ 10.09 ਸੈਕਿੰਡ ਨਾਲ ਤੋੜਿਆ 100 ਮੀਟਰ ਦੌੜ ਦਾ ਨੈਸ਼ਨਲ ਰਿਕਾਰਡ
ਬਾਬੂਸ਼ਾਹੀ ਨੈਟਵਰਕ
ਸੁਖਮਿੰਦਰ ਭੰਗੂ
ਲੁਧਿਆਣਾ, 24 May 2026
ਰਾਂਚੀ ਦੇ ਖੇਡ ਮੈਦਾਨ ਵਿੱਚ ਚੱਲ ਰਹੇ 29ਵੇਂ ਫੈਡਰੇਸ਼ਨ ਕੱਪ ਅਥਲੈਟਿਕਸ ਮੁਕਾਬਲਿਆਂ ਦੌਰਾਨ ਭਾਰਤੀ ਖੇਡ ਇਤਿਹਾਸ ਦਾ ਇੱਕ ਅਜਿਹਾ ਸੁਨਹਿਰੀ ਪੰਨਾ ਲਿਖਿਆ ਗਿਆ ਹੈ, ਜਿਸ ਨੇ ਦੇਸ਼ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਸ ਵਾਰ ਮਰਦਾਂ ਦੀ 100 ਮੀਟਰ ਦੌੜ ਵਿੱਚ ਪੰਜਾਬ ਦੇ ਹੋਨਹਾਰ ਅਤੇ ਤੇਜ਼ਤਰਾਰ ਸਪਰਿੰਟਰ ਗੁਰਵਿੰਦਰਵੀਰ ਸਿੰਘ ਅਤੇ ਉੜੀਸਾ ਦੇ ਨਾਮਵਰ ਧਾਵਕ ਅਨਿਮੇਸ਼ ਕੁਜੂਰ ਵਿਚਕਾਰ ਰਾਸ਼ਟਰੀ ਰਿਕਾਰਡ ਨੂੰ ਆਪਣੇ ਨਾਮ ਕਰਨ ਦੀ ਇੱਕ ਅਜਿਹੀ ਜ਼ੋਰਦਾਰ ਟੱਕਰ ਦੇਖਣ ਨੂੰ ਮਿਲੀ, ਜਿਸ ਨੇ ਐਥਲੈਟਿਕਸ ਦੇ ਟਰੈਕ ਨੂੰ ਜੰਗ-ਏ-ਮੈਦਾਨ ਵਿੱਚ ਤਬਦੀਲ ਕਰ ਦਿੱਤਾ। ਇਹ ਮੁਕਾਬਲਾ ਸਿਰਫ਼ ਜਿੱਤ-ਹਾਰ ਦਾ ਨਹੀਂ, ਸਗੋਂ ਭਾਰਤੀ ਰਫਤਾਰ ਦੇ ਇਤਿਹਾਸ ਨੂੰ ਮੁੜ ਤੋਂ ਲਿਖਣ ਦਾ ਸੀ।
ਇਸ ਰੋਮਾਂਚਕ ਖੇਡ ਸਫ਼ਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਦੇ ਸੂਰਮੇ ਗੁਰਵਿੰਦਰਵੀਰ ਸਿੰਘ ਨੇ 10.17 ਸਕਿੰਟ ਦਾ ਧਮਾਕੇਦਾਰ ਸਮਾਂ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਅਨਿਮੇਸ਼ ਕੁਜੂਰ ਦੇ 10.18 ਸਕਿੰਟ ਦੇ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਮਾਤ ਦਿੰਦਿਆਂ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ। ਇਸ ਇਤਿਹਾਸਕ ਦੌੜ ਤੋਂ ਬਾਅਦ ਜਦੋਂ ਗੁਰਵਿੰਦਰਵੀਰ ਮੀਡੀਆ ਨਾਲ ਰੂ-ਬ-ਰੂ ਹੋਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਝਲਕਦਾ ਅਟੁੱਟ ਵਿਸ਼ਵਾਸ ਸਾਫ਼ ਬਿਆਨ ਕਰ ਰਿਹਾ ਸੀ ਕਿ ਉਨ੍ਹਾਂ ਦੇ ਅੰਦਰ ਅਜੇ ਹੋਰ ਵੀ ਤੇਜ਼ ਦੌੜਨ ਦਾ ਜਜ਼ਬਾ ਅਤੇ ਸਮਰੱਥਾ ਬਾਕੀ ਹੈ।
ਹਾਲਾਂਕਿ, ਖੇਡ ਦੇ ਇਸ ਰੰਗਮੰਚ 'ਤੇ ਡਰਾਮਾ ਅਜੇ ਬਾਕੀ ਸੀ ਅਤੇ ਇਹ ਖੁਸ਼ੀ ਜ਼ਿਆਦਾ ਦੇਰ ਟਿਕ ਨਾ ਸਕੀ। ਕੁਝ ਹੀ ਮਿੰਟਾਂ ਬਾਅਦ ਹੋਏ ਦੂਜੇ ਸੈਮੀਫਾਈਨਲ ਵਿੱਚ ਉੜੀਸਾ ਦੇ ਅਨਿਮੇਸ਼ ਕੁਜੂਰ ਨੇ ਆਪਣੀ ਰਫਤਾਰ ਦਾ ਲੋਹਾ ਮਨਵਾਉਂਦਿਆਂ 10.15 ਸਕਿੰਟ ਦਾ ਸ਼ਾਨਦਾਰ ਸਮਾਂ ਕੱਢਿਆ ਅਤੇ ਰਾਸ਼ਟਰੀ ਰਿਕਾਰਡ ਮੁੜ ਆਪਣੇ ਨਾਮ ਕਰ ਲਿਆ। ਦੋਵਾਂ ਮਹਾਨ ਸਪਰਿੰਟਰਾਂ ਵਿਚਕਾਰ ਸੈਕੰਡਾਂ ਦੇ ਸੌਵੇਂ ਹਿੱਸੇ ਲਈ ਚੱਲ ਰਹੀ ਇਸ ਅਦਭੁਤ ਹੋੜ ਨੇ ਪੂਰੇ ਸਟੇਡੀਅਮ ਅਤੇ ਖੇਡ ਪ੍ਰੇਮੀਆਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਇਸ ਮੁਕਾਬਲੇ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ।
ਪਰ ਪੰਜਾਬ ਦੇ ਇਸ ਗੱਭਰੂ ਨੇ ਹਾਰ ਨਹੀਂ ਮੰਨੀ ਅਤੇ ਅਗਲੇ ਹੀ ਦਿਨ ਫਾਈਨਲ ਮੁਕਾਬਲੇ ਵਿੱਚ ਅਜਿਹਾ ਪਲਟਵਾਰ ਕੀਤਾ ਕਿ ਪੂਰਾ ਦੇਸ਼ ਅਸ਼-ਅਸ਼ ਕਰ ਉੱਠਿਆ। ਗੁਰਵਿੰਦਰਵੀਰ ਸਿੰਘ ਨੇ ਹਵਾ ਨੂੰ ਚੀਰਦੇ ਹੋਏ 10.09 ਸਕਿੰਟ ਦਾ ਇੱਕ ਅਜਿਹਾ ਹੈਰਾਨੀਜਨਕ ਅਤੇ ਇਤਿਹਾਸਕ ਸਮਾਂ ਕੱਢਿਆ, ਜਿਸ ਨੇ ਨਾ ਸਿਰਫ਼ ਅਨਿਮੇਸ਼ ਦੇ ਰਿਕਾਰਡ ਨੂੰ ਪਛਾੜਿਆ, ਸਗੋਂ ਭਾਰਤੀ ਅਥਲੈਟਿਕਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ। ਇਹ ਬੇਮਿਸਾਲ ਪ੍ਰਦਰਸ਼ਨ ਪੰਜਾਬ ਦੇ ਖੇਡ ਇਤਿਹਾਸ ਲਈ ਬੇਹੱਦ ਮਾਣ ਵਾਲੀ ਗੱਲ ਹੈ, ਜੋ ਸੂਬੇ ਦੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਵੇਗਾ।
ਇਸ ਵੱਡੀ ਸਫ਼ਲਤਾ ਦੇ ਨਾਲ ਹੀ ਗੁਰਵਿੰਦਰਵੀਰ ਸਿੰਘ ਨੇ ਕਾਮਨਵੈਲਥ ਗੇਮਜ਼ ਦੇ 10.16 ਸਕਿੰਟ ਦੇ ਮੁਸ਼ਕਲ ਕੁਆਲੀਫਾਈੰਗ ਮਾਰਕ ਨੂੰ ਵੀ ਆਸਾਨੀ ਨਾਲ ਪਾਰ ਕਰ ਲਿਆ ਹੈ। ਹੁਣ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਸਦਕਾ ਪੂਰੇ ਦੇਸ਼ ਦੀਆਂ ਉਮੀਦਾਂ ਅੰਤਰਰਾਸ਼ਟਰੀ ਮੰਚ 'ਤੇ ਤਿਰੰਗਾ ਲਹਿਰਾਉਣ ਲਈ ਟਿਕ ਗਈਆਂ ਹਨ। ਗੁਰਵਿੰਦਰਵੀਰ ਦੀ ਇਸ ਇਤਿਹਾਸਕ ਕਾਮਯਾਬੀ ਦੇ ਪਿੱਛੇ ਜਿੱਥੇ ਉਨ੍ਹਾਂ ਦੀ ਆਪਣੀ ਦਿਨ-ਰਾਤ ਦੀ ਤਪੱਸਿਆ ਹੈ, ਉੱਥੇ ਹੀ ਉਨ੍ਹਾਂ ਦੇ ਕੋਚ ਸਰਬਜੀਤ ਸਿੰਘ ਹੈਪੀ ਦੀ ਸਖ਼ਤ ਮਿਹਨਤ, ਰਣਨੀਤੀ ਅਤੇ ਸਹੀ ਮਾਰਗਦਰਸ਼ਨ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਹ ਜਿੱਤ ਸਿਰਫ਼ ਇੱਕ ਅਥਲੀਟ ਦੀ ਅਣਥੱਕ ਮਿਹਨਤ ਦਾ ਨਤੀਜਾ ਨਹੀਂ, ਸਗੋਂ ਉਸ ਦੇ ਕੋਚ, ਪਰਿਵਾਰ ਦੇ ਤਿਆਗ ਅਤੇ ਪੂਰੇ ਪੰਜਾਬ ਦੀ ਖੇਡ ਭਾਵਨਾ ਦੀ ਜਿੱਤ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਦੇ ਇਹ ਦੋਵੇਂ ਚੋਟੀ ਦੇ ਸਪਰਿੰਟਰ ਜਿਸ ਤਰ੍ਹਾਂ ਇੱਕ-ਦੂਜੇ ਦੇ ਰਿਕਾਰਡ ਤੋੜ ਕੇ ਖੁਦ ਨੂੰ ਨਿਖਾਰ ਰਹੇ ਹਨ, ਉਸ ਨੂੰ ਦੇਖ ਕੇ ਹੁਣ ਇਹ ਉਮੀਦ ਪੱਕੀ ਹੋ ਗਈ ਹੈ ਕਿ ਉਹ ਦਿਨ ਬਹੁਤ ਨੇੜੇ ਹੈ ਜਦੋਂ ਭਾਰਤ ਦਾ ਕੋਈ ਦੌੜਾਕ 10 ਸਕਿੰਟ ਦੀ ਸੁਖਾਲੀ ਸੀਮਾ ਨੂੰ ਤੋੜ ਕੇ ਵਿਸ਼ਵ ਪੱਧਰ 'ਤੇ ਨਵਾਂ ਇਤਿਹਾਸ ਰਚੇਗਾ। ਪੂਰੇ ਪੰਜਾਬ ਅਤੇ ਦੇਸ਼ ਵੱਲੋਂ ਗੁਰਵਿੰਦਰਵੀਰ ਸਿੰਘ, ਕੋਚ ਸਰਬਜੀਤ ਸਿੰਘ ਹੈਪੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਣਮੱਤੀ ਉਪਲਬਧੀ ਲਈ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ।