ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ ਬਰਸੀ ਮੌਕੇ ਲੋਕ ਮੁਕਤੀ ਲਈ ਸਾਂਝੇ ਸੰਘਰਸ਼ਾਂ ਦਾ ਸੱਦਾ
ਅਸ਼ੋਕ ਵਰਮਾ
ਜੈਤੋ ,9 ਅਪ੍ਰੈਲ 2026 : ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 35 ਵੀਂ ਬਰਸੀ ਮੌਕੇ ਲੋਕ ਮੁਕਤੀ ਦੇ ਕਾਰਜ਼ ਲਈ ਜਾਤਪਾਤੀ ਤੇ ਫਿਰਕੂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਸਾਂਝੇ ਤੇ ਦਿਰੜ ਖਾੜਕੂ ਘੋਲਾਂ ਦੇ ਮੋਰਚੇ ਭਖਾਉਣ ਦਾ ਸੱਦਾ ਦਿੱਤਾ ਗਿਆ। ਸ਼ਹੀਦੀ ਯਾਦਗਾਰ ਕਮੇਟੀ ਦੇ ਸੱਦੇ ਤਹਿਤ ਅੱਜ ਪਿੰਡ ਸੇਵੇਵਾਲਾ ਵਿਖੇ ਫਿਰਕੂ ਤੇ ਹਕੂਮਤੀ ਦਹਿਸਤਗਰਦੀ ਖਿਲਾਫ ਜੂਝ ਕੇ ਜਾਨਾਂ ਕੁਰਬਾਨ ਕਰਨ ਵਾਲੇ ਸੇਵੇਵਾਲਾ ਕਾਂਡ ਦੇ ਸ਼ਹੀਦ ਮੇਘਰਾਜ ਭਗਤੂਆਣਾ, ਜਗਪਾਲ ਸੇਲਬਰਾਹ ਗੁਰਜੰਟ ਸਿੰਘ ਢਿਲਵਾਂ ਅਤੇ ਮਾਤਾ ਸਦਾਂ ਕੌਰ ਸਮੇਤ 18 ਸ਼ਹੀਦਾਂ ਦੀ 35 ਵੀ ਬਰਸੀ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦਾਂ ਨੂੰ ਯਾਦ 'ਚ ਸੂਹਾ ਪਰਚਮ ਲਹਿਰਾਉਣ ਨਾਲ਼ ਕੀਤੀ ਗਈ।
ਬੁਲਾਰਿਆਂ ਨੇ ਦੱਸਿਆ ਕਿ ਇਸ ਕਾਂਡ ਦੌਰਾਨ ਇਨ੍ਹਾਂ ਮੁੱਖ ਆਗੂਆਂ ਸਮੇਤ ਕਰਮ ਸਿੰਘ ਰਾਮਪੁਰਾ, ਗੁਰਨਾਮ ਸਿੰਘ ਜੀਦਾ, ਪਿੰਡ ਭਗਤੂਆਣਾ ਦੇ ਜੰਮਪਲ਼ ਤੇਜਿੰਦਰ ਸਿੰਘ, ਬੱਗਾ ਸਿੰਘ ਤੇ ਪੱਪੀ ਸਿੰਘ, ਪਿੰਡ ਸੇਵੇਵਾਲਾ ਦੇ ਵਸਨੀਕ ਬੂਟਾ ਸਿੰਘ, ਜਸਵੀਰ ਸਿੰਘ, ਜਗਦੇਵ ਸਿੰਘ, ਲਖਵੀਰ ਸਿੰਘ, ਮੱਖਣ ਸਿੰਘ,ਹਰਪਾਲ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਮਾਸੂਮ ਵਿਦਿਆਰਥੀ ਚਰਨਜੀਤ ਸਿੰਘ ਤੇ ਮਨਜੀਤ ਸਿੰਘ ਫਿਰਕੂ ਦਹਿਸ਼ਤਗਰਦਾਂ ਵੱਲੋਂ ਕੀਤੇ ਕਾਤਲੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਅੱਜ ਦੇ ਸਮਾਗਮ ਨੂੰ ਕਮੇਟੀ ਦੀ ਕਨਵੀਨਰ ਤੇ ਸ਼ਹੀਦ ਮੇਘਰਾਜ ਭਗਤੂਆਣਾ ਦੀ ਬੇਟੀ ਹਰਿੰਦਰ ਬਿੰਦੂ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੁੰਬਈ ਤੋਂ ਪਹੁੰਚੇ ਇਨਕਲਾਬੀ ਜਮਹੂਰੀ ਲਹਿਰ ਦੇ ਸਮਰਥਕ ਹਰਸ਼ ਠਾਕੁਰ , ਬੀਕੇਯੂ ਏਕਤਾ ਉਗਰਾਹਾਂ ਦੇ ਜੈਤੋ ਬਲਾਕ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੇ ਮਜ਼ਦੂਰਾਂ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਬੰਦਖੁਲਾਸੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ। ਉਹਨਾਂ ਆਖਿਆ ਕਿ ਉਸ ਸਮੇਂ ਪੰਜਾਬ ਦੇ ਲੋਕਾਂ ਦਾ ਘਾਣ ਕਰ ਰਹੀ ਹਕੂਮਤੀ ਤੇ ਫਿਰਕੂ ਦਹਿਸ਼ਤਗਰਦੀ ਖਿਲਾਫ ਜਾਨ ਤਲੀ 'ਤੇ ਧਰ ਕੇ ਅਵਾਜ਼ ਬੁਲੰਦ ਕੀਤੀ।
ਬੁਲਾਰਿਆਂ ਨੇ ਆਖਿਆ ਕਿ ਮੌਜੂਦਾ ਸਮੇਂ ਦੇਸ਼ ਦੇ ਹੁਕਮਰਾਨਾਂ ਵੱਲੋਂ ਸਾਮਰਾਜੀ ਮੁਲਕਾਂ ਦੇ ਲੁੱਟ ਤੇ ਗਲਬੇ ਨੂੰ ਹੋਰ ਵਧਾਉਣ ਲਈ ਕੀਤਾ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਖੇਤੀ ਤੇ ਸਨਅਤ ਦੇ ਉਜਾੜੇ ਦਾ ਸਾਧਨ ਬਣੇਗਾ ਸਿੱਟੇ ਵਜੋਂ ਦੇਸ਼ ਦੇ ਅੰਦਰ ਗਰੀਬੀ , ਭੁੱਖਮਰੀ, ਬੇਰੁਜ਼ਗਾਰੀ,ਕਰਜੇ ਤੇ ਖੁਦਕਸ਼ੀਆਂ ਦਾ ਸੰਕਟ ਹੋਰ ਡੂੰਘਾ ਹੋਵੇਗਾ। ਉਹਨਾਂ ਦੋਸ਼ ਲਾਇਆ ਕਿ ਸਾਮਰਾਜੀ ਮੁਲਕਾਂ, ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਦੇ ਹਿਤਾਂ ਦੀ ਪੂਰਤੀ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਆਪ ਸਰਕਾਰ ਖੇਤੀ ਸੰਕਟ ਦਾ ਹੱਲ ਕਰਨ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ, ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਖੇਤੀ ਤੇ ਸਨਅਤ ਜੁੜਵੇਂ ਲੋਕ ਪੱਖੀ ਵਿਕਾਸ ਮਾਡਲ ਨੂੰ ਲਾਗੂ ਕਰਨ ਦੀ ਥਾਂ ਕਾਰਪੋਰੇਟ ਪੱਖੀ ਅਜੰਡਾ ਲਾਗੂ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਿਸੀ ਧਾੜਾਂ ਨੂੰ ਖੁੱਲੀਆਂ ਛੁੱਟੀਆਂ ਦੇ ਰਹੀ ਹੈ ਅਤੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਵਰਗੇ ਕਦਮ ਚੁੱਕੇ ਜਾ ਰਹੇ ਹਨ । ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ਚ ਆਈ ਆਪ ਸਰਕਾਰ ਲੋਕਾਂ ਨੂੰ ਪੈਰਾਂ ਸਿਰ ਕਰਨ ਦੀ ਥਾਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਵਰਗੀਆਂ ਨਿਗੂਣੀਆਂ ਸਹੂਲਤਾਂ ਰਾਹੀਂ ਵੋਟ ਬੈਂਕ ਪੱਕਾ ਕਰਨ ਦੀ ਨੀਤੀ 'ਤੇ ਚੱਲ ਰਹੀ ਹੈ। ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ,ਮੇਜਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ,ਨੱਥਾ ਸਿੰਘ ਰੋੜੀਕਪੂਰਾ, ਜਸਪਾਲ ਸਿੰਘ ਕੋਠਾਗੁਰੂ,ਅਮਰੀਕ ਸਿੰਘ ਸਿਵੀਆਂ ਤੇ ਐਡਵੋਕੇਟ ਸੁਦੀਪ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ।