ਫੱਤੂਢਿੰਗਾ ਬਲਾਕ ਸੰਮਤੀ ‘ਚ ਰਾਣਾ ਧੜੇ ਦੀ ਜਿੱਤ, AAP ਨੂੰ ਝਟਕਾ
ਮਨਵੀਰ ਕੌਰ ਚੇਅਰਮੈਨ ਤੇ ਦਲਜੀਤ ਕੌਰ ਉਪ ਚੇਅਰਮੈਨ ਚੁਣੇ ਗਏ,
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕੜੀ ਸੁਰੱਖਿਆ ਹੇਠ ਚੋਣ
ਕਪੂਰਥਲਾ, 4 ਅਪ੍ਰੈਲ 2026 ( ਬਲਵਿੰਦਰ ਸਿੰਘ ਧਾਲੀਵਾਲ):
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਬਲਾਕ ਸੰਮਤੀ ਫੱਤੂਢਿੰਗਾ ਦੀ ਚੇਅਰਮੈਨ ਅਤੇ ਉਪ ਚੇਅਰਮੈਨ ਚੋਣ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੜੀ ਸੁਰੱਖਿਆ ਹੇਠ ਸੰਪੰਨ ਹੋਈ। ਇਸ ਚੋਣ ‘ਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਨੇ ਵੱਡੀ ਜਿੱਤ ਦਰਜ ਕਰਦੇ ਹੋਏ ਮਨਵੀਰ ਕੌਰ ਨੂੰ ਚੇਅਰਮੈਨ ਅਤੇ ਦਲਜੀਤ ਕੌਰ ਨੂੰ ਉਪ ਚੇਅਰਮੈਨ ਚੁਣਵਾ ਲਿਆ।
ਚੋਣ ਪ੍ਰਕਿਰਿਆ ਡਿਪਟੀ ਕਮਿਸ਼ਨਰ ਦੀ ਸਖ਼ਤ ਨਿਗਰਾਨੀ ਹੇਠ ਸਵੇਰੇ 11 ਵਜੇ ਸ਼ੁਰੂ ਹੋਈ, ਜਿੱਥੇ ਦੋਹਾਂ ਧੜਿਆਂ ਵਿਚ ਤਿੱਖੀ ਟੱਕਰ ਵੇਖਣ ਨੂੰ ਮਿਲੀ। ਹਾਲਾਂਕਿ ਅੰਤ ਵਿੱਚ ਰਾਣਾ ਧੜਾ ਭਾਰੀ ਰਹਿੰਦਾ ਨਜ਼ਰ ਆਇਆ ਅਤੇ ਜਿੱਤ ਆਪਣੇ ਨਾਮ ਕੀਤੀ।
ਇਸ ਨਤੀਜੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ ਅਤੇ ਇਲਾਕੇ ਦੀ ਸਿਆਸਤ ‘ਚ ਨਵਾਂ ਮੋੜ ਆ ਗਿਆ ਹੈ। ਖਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੇ ਬਾਵਜੂਦ ਮਾਹੌਲ ਤਣਾਭਰਿਆ ਸੀ, ਪਰ ਰਾਣਾ ਧੜੇ ਨੇ ਆਪਣੀ ਪਕੜ ਮਜ਼ਬੂਤ ਰੱਖਦਿਆਂ ਜਿੱਤ ਦਰਜ ਕੀਤੀ।
ਚੋਣ ਨਤੀਜਿਆਂ ਮਗਰੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਆਪਣੇ ਸਮਰਥਕਾਂ ਨਾਲ ਜਸ਼ਨ ਮਨਾਉਂਦੇ ਨਜ਼ਰ ਆਏ। ਵਰਕਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ।
ਇਸ ਮੌਕੇ ‘ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ ਅਤੇ ਉਹ ਹਮੇਸ਼ਾ ਇਲਾਕੇ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦਾ ਜਵਾਬ ਲੋਕਾਂ ਨੇ ਵੋਟਾਂ ਰਾਹੀਂ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਚੋਣ ਹਾਈਕੋਰਟ ਦੇ ਹੁਕਮਾਂ ਮਗਰੋਂ ਕਰਵਾਈ ਗਈ, ਜਿਸ ਨੇ ਇਲਾਕੇ ਦੀ ਸਿਆਸੀ ਤਸਵੀਰ ਨੂੰ ਸਪੱਸ਼ਟ ਕਰ ਦਿੱਤਾ ਹੈ। ਫੱਤੂਢਿੰਗਾ ‘ਚ ਇਸ ਜਿੱਤ ਨੂੰ ਆਉਣ ਵਾਲੇ ਸਮੇਂ ਦੀ ਸਿਆਸਤ ਲਈ ਅਹਿਮ ਮੰਨਿਆ ਜਾ ਰਿਹਾ ਹੈ।