ਪੰਜਾਬ ਸਰਕਾਰ ਝੂਠੀਆਂ ਗਰੰਟੀਆਂ ਦੇ ਐਲਾਨ ਕਰਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ: ਬੀਬੀ ਅਮਰਜੀਤ ਕੌਰ ਪੰਜਗਰਾਈਂ
ਜਰਨਲ ਵਰਗ ਨੂੰ 1000 ਤੇ ਐਸ ਸੀ ਵਰਗ ਨੂੰ 1500 ਰੁਪਏ ਦੇਣ ਦਾ ਕਹਿ ਕੇ ਲੋਕਾਂ ਨੂੰ ਜਾਤ ਪਾਤ ਵਿੱਚ ਵੰਡਣ ਦੀ ਕੋਸ਼ਿਸ਼ ਹੈ
ਪੰਜਗਰਾਈਂ ਕਲਾਂ,9 ਮਾਰਚ(ਸੁਖਜਿੰਦਰ ਸਿੰਘ ਪੰਜਗਰਾਈਂ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠੀਆਂ ਗਰੰਟੀਆਂ ਦੇ ਨਾਮ ਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੀ ਤੇ ਸਰਕਾਰ ਦੀ ਕੋਈ ਵੀ ਸਕੀਮ ਪੂਰੀ ਸਿਰੇ ਚੜ੍ਹਦੀ ਦਿਖਾਈ ਨਹੀ ਦਿੰਦੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਪੰਜਗਰਾਈਂ ਕਲਾਂ ਦੀ ਸਾਬਕਾ ਸਰਪੰਚ ਤੇ ਅਕਾਲੀ ਦਲ ਬਾਦਲ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ 'ਰੋਜ਼ਾਨਾ ਪਹਿਰੇਦਾਰ' ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕੇ ਨਾਂ ਤਾਂ ਅਜੇ ਤੱਕ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਪੂਰੀ ਹੋਈ ਹੈ ਤੇ ਨਾਂ ਹੀ ਕਿਸੇ ਨੂੰ ਫੂਡ ਕਿੱਟ ਮਿਲੀ ਹੈ ਤੇ ਔਰਤਾਂ ਨੂੰ 1000 ਤੇ 1500 ਰੁਪਏ ਦੇਣ ਵਾਲਾ ਵੀ ਅਜੇ ਸਰਕਾਰ ਦਾ ਐਲਾਨ ਹੀ ਲੱਗਦਾ ਹੈ ਇਹ ਵੀ ਪਤਾ ਨੀ ਸਕੀਮ ਸਿਰੇ ਚੜੇਗੀ ਵੀ ਕੇ ਨਹੀ। ਜਰਨਲ ਵਰਗ ਨੂੰ 1000 ਤੇ ਐਸ ਸੀ ਵਰਗ ਨੂੰ 1500 ਰੁਪਏ ਦੇਣ ਦਾ ਕਹਿ ਕੇ ਸਰਕਾਰ ਨੇ ਲੋਕਾਂ ਨੂੰ ਜਾਤ ਪਾਤ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ,ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕੇ ਪੰਜਾਬ ਸਰਕਾਰ ਗਰੰਟੀਆਂ ਪੂਰੀਆਂ ਕਰਨ ਦਾ ਕਹਿ ਕੇ ਝੂਠ ਬੋਲ ਰਹੀ ਹੈ ਤੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕੇ ਰੋਜ਼ਾਨਾ ਪੰਜਾਬ ਵਿੱਚ ਚਿੱਟੇ ਨਾਲ ਮਾਂਵਾਂ ਦੇ ਨੌਜਵਾਨ ਪੁੱਤ ਮਰ ਰਹੇ ਹਨ ਤੇ ਹਰ ਰੋਜ ਹੀ ਕਤਲ ਹੋ ਰਹੇ ਹਨ ਪਰ ਪੰਜਾਬ ਦੀ ਢੀਠ ਹੋਈ ਸਰਕਾਰ ਬੈਂਡ ਵਾਜਿਆਂ ਤੇ ਔਰਤਾਂ ਤੋਂ ਗਿੱਧਾ ਪਵਾ ਰਹੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਅੱਗੇ ਕਿਹਾ ਕੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੜਕੀਆਂ ਨੂੰ ਸ਼ਗਨ ਸਕੀਮ ਦੇਣ ਵਰਗੀਆਂ ਅਨੇਕਾਂ ਸਕੀਮਾਂ ਚਲਾਈਆਂ ਸੀ ਜੋ ਸਰਕਾਰ ਬਣਦਿਆਂ ਸਾਰ ਹੀ ਲਾਗੂ ਵੀ ਕੀਤੀਆਂ ਜਾਂਦੀਆ ਰਹੀਆਂ ਹਨ। ਉਹਨਾਂ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਅੱਕੇ ਲੋਕ ਹੁਣ ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਤੇ 2027 ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ ਜੋ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਅਨੇਕਾਂ ਸਕੀਮਾਂ ਲੈ ਕੇ ਆਵੇਗੀ ਤੇ ਪੰਜਾਬ ਦਾ ਵਿਕਾਸ ਕਰਵਾਏਗੀ।