ਘੰਡਾ ਬੰਨਾ ਦੀ ਪੰਚਾਇਤ ਅਤੇ ਐਨਆਰਆਈ ਨੌਜਵਾਨਾਂ ਵੱਲੋਂ ਲੜਕੀ ਦੇ ਵਿਆਹ ਮੌਕੇ ਸ਼ਗਨ ਦੇਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ , 13 ਫਰਵਰੀ 2026 : ਬਠਿੰਡਾ ਜ਼ਿਲ੍ਹੇ ਦੇ ਪਿੰਡ ਘੰਡਾ ਬੰਨਾ ਦੀ ਪੰਚਾਇਤ ਅਤੇ ਐਨਆਰਆਈ ਭਰਾਵਾਂ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਗਿਆ। ਬੀਤੇ ਦਿਨੀ ਪਿੰਡ ਦੀ ਪੰਚਾਇਤ,ਸੰਤ ਬਾਬਾ ਭਾਈ ਮੇਲਾ ਕਲੱਬ, ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਜਰਮਨੀ, ਐਨ ਆਰ ਆਈ ਨੌਜਵਾਨਾਂ ਅਤੇ ਸਰਪੰਚ ਦੀ ਅਗਵਾਈ ਵਿੱਚ ਪਿੰਡ ਦੇ ਲੋੜਵੰਦ ਪਰਿਵਾਰ ਦੀ ਧੀਅ ਦੇ ਵਿਆਹ ਮੌਕੇ 31000 ਰੁਪਏ ਦੀ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ੁਰੂਆਤ ਨੂੰ ਸ਼ੁਰੂ ਕਰਨ ਦੇ ਵਿੱਚ ਪਿੰਡ ਦੇ ਐਨਆਰਆਈ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਨਆਰਆਈ ਨੌਜਵਾਨ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਦੇ ਨਗਰ ਦੇ ਜਿੰਨੇ ਵੀ ਨੌਜਵਾਨ ਵੱਖ ਵੱਖ ਵਿਦੇਸ਼ਾਂ ਵਿੱਚ ਵੱਸਦੇ ਹਨ ਉਹਨਾਂ ਵੱਲੋਂ ਆਪਣੇ ਪਿੰਡ ਦੀ ਬੇਹਤਰੀ ਲਈ ਚੰਗੀਆਂ ਸੇਵਾਵਾਂ ਸ਼ੁਰੂ ਕਰਨ ਦੀ ਸੋਚ ਰੱਖੀ ਗਈ ਹੈ। ਐਨਆਰਆਈ ਭਰਾਵਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀ ਕਿਸੇ ਵੀ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਮੌਕੇ 31000 ਦੀ ਸ਼ਗਨ ਸਕੀਮ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਸਾਂਝੇ ਤੌਰ ਤੇ ਉੱਦਮ ਕਰਦੇ ਹੋਏ ਪਿੰਡ ਵਿੱਚ ਇੱਕ ਮਲਟੀਪਰਪਜ ਸਟੇਡੀਅਮ ਬਣ ਰਿਹਾ ਹੈ ਅਤੇ ਸ਼ਮਸ਼ਾਨ ਘਾਟ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।