CGC ਯੂਨੀਵਰਸਿਟੀ ਮੋਹਾਲੀ ਵਿਖੇ 'ਰਾਈਜ਼ਿੰਗ ਪੰਜਾਬ ਸਮਿਟ' ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ
ਪੰਜਾਬ ਦੀ ਤਰੱਕੀ ਲਈ ਸਿੱਖਿਆ, ਖੇਤੀਬਾੜੀ, ਖੇਡਾਂ ਅਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਇੱਕ ਮੰਚ 'ਤੇ ਇਕੱਠੇ ਹੋ ਕੇ ਕੀਤੀ ਵਿਚਾਰ-ਚਰਚਾ
ਮੋਹਾਲੀ , 13 ਫਰਵਰੀ
ਪੰਜਾਬ ਦੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਦੁਬਈ ਇੰਟਰਨੈਸ਼ਨਲ ਬਿਜ਼ਨਸ ਵੱਲੋਂ ਸੀ.ਜੀ.ਸੀ ਯੂਨੀਵਰਸਿਟੀ, ਮੋਹਾਲੀ ਵਿਖੇ 'ਰਾਈਜ਼ਿੰਗ ਪੰਜਾਬ ਸਮਿਟ' ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਸੰਮੇਲਨ ਵਿੱਚ ਸਿੱਖਿਆ, ਖੇਤੀਬਾੜੀ, ਖੇਡਾਂ, ਰਾਜਨੀਤੀ, ਧਰਮ ਅਤੇ ਸਿਹਤ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ (ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪੰਜਾਬ) ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਪੰਜਾਬ ਦੀ ਤਰੱਕੀ ਦਾ ਮੁੱਖ ਆਧਾਰ ਦੱਸਿਆ | ਉਨ੍ਹਾਂ ਦੇ ਨਾਲ ਸਾਬਕਾ ਸੰਸਦ ਮੈਂਬਰ ਅਤੇ ਪ੍ਰਸਿੱਧ ਗਾਇਕ ਸ਼੍ਰੀ ਹੰਸ ਰਾਜ ਹੰਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਜਿਕ ਚੇਤਨਾ ਵਿੱਚ ਕਲਾ ਤੇ ਸੰਗੀਤ ਦੀ ਭੂਮਿਕਾ 'ਤੇ ਜ਼ੋਰ ਦਿੱਤਾ |
ਸੰਮੇਲਨ ਵਿੱਚ ਭਾਈ ਹਰਪਾਲ ਸਿੰਘ ਜੀ (ਹੈੱਡ ਗ੍ਰੰਥੀ, ਸ੍ਰੀ ਫ਼ਤਿਹਗੜ੍ਹ ਸਾਹਿਬ), ਗਿਆਨੀ ਹਰਪ੍ਰੀਤ ਸਿੰਘ, ਕਰਤਾਰ ਸਿੰਘ ਪਹਿਲਵਾਨ, ਗੁਰਪ੍ਰੀਤ ਘੁੱਗੀ, ਡਾ. ਰਮਨਦੀਪ ਕੌਰ, ਰਣਦੀਪ ਸਿੰਘ (ਮਾਨਸਿਕ ਸਿਹਤ ਮਾਹਰ), ਗਿੱਲ ਰੌਂਤਾ ਅਤੇ ਜਰਨੈਲ ਸਿੰਘ (ਪੰਜਾਬੀ ਅਦਾਕਾਰ) ਵਰਗੀਆਂ ਹਸਤੀਆਂ ਨੇ ਹਿੱਸਾ ਲਿਆ | ਇਨ੍ਹਾਂ ਬੁਲਾਰਿਆਂ ਨੇ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਮੂਹਿਕ ਜ਼ਿੰਮੇਵਾਰੀ ਅਤੇ ਨਵੇਂ ਵਿਚਾਰਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ | ਦੁਬਈ ਇੰਟਰਨੈਸ਼ਨਲ ਬਿਜ਼ਨਸ ਵੱਲੋਂ ਆਯੋਜਿਤ ਅਤੇ ਅਮਨਦੀਪ ਸਿੰਘ, ਮਨਜਿੰਦਰ ਸਿੰਘ ਤੇ ਨਵਨੀਤ ਸਿੰਘ ਦੁਆਰਾ ਤਾਲਮੇਲ ਕੀਤੇ ਗਏ ਇਸ ਸਮੇਲਨ ਦਾ ਮਕਸਦ ਨੀਤੀ ਘੜਨ ਵਾਲਿਆਂ ਅਤੇ ਮਾਹਿਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ |
ਕੌਮਾਂਤਰੀ ਐਵਾਰਡ ਫਾਦਰ ਆਫ਼ ਐਜੂਕੇਸ਼ਨ ਨਾਲ ਨਿਵਾਜੇ ਜਾ ਚੁੱਕੇ ਸੀ ਜੀ ਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਇੱਕ ਪ੍ਰਗਤੀਸ਼ੀਲ ਸਮਾਜ ਦੀ ਨੀਂਹ ਹੈ | ਅਜਿਹੇ ਮੰਚ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਆਗੂਆਂ ਨਾਲ ਜੋੜ ਕੇ ਉਨ੍ਹਾਂ ਵਿੱਚ ਪੰਜਾਬ ਦੀ ਤਰੱਕੀ ਲਈ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਹਰ ਖੇਤਰ ਵਿੱਚ ਅਥਾਹ ਸਮਰੱਥਾ ਹੈ | 'ਰਾਈਜ਼ਿੰਗ ਪੰਜਾਬ ਸਮਿਟ' ਰਾਹੀਂ ਸਾਡਾ ਉਦੇਸ਼ ਅਜਿਹੀ ਗੱਲਬਾਤ ਸ਼ੁਰੂ ਕਰਨਾ ਹੈ ਜੋ ਨੌਜਵਾਨਾਂ ਅਤੇ ਸਮਾਜ ਲਈ ਸਾਰਥਕ ਨਤੀਜੇ ਲੈ ਕੇ ਆਵੇ | ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ |