PCCPL ਵੱਲੋਂ ਲਾਲੜੂ ਦੇ ਦੋ ਸਕੂਲਾਂ ਵਿੱਚ 'ਮਿੰਨੀ ਸਾਇੰਸ ਸੈਂਟਰ' ਸਥਾਪਤ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਫ਼ਰਵਰੀ 2025: ਹਲਕਾ ਡੇਰਾਬੱਸੀ ਦੇ ਕਈ ਸਕੂਲਾਂ ਦੇ ਕਾਇਆ ਕਲਪ ਵਿਚ ਵੱਡਾ ਰੋਲ ਨਿਭਾਉਣ ਵਾਲੀ ਪੰਜਾਬ ਕੈਮੀਕਲ ਐਂਡ ਕਰਾਪਸ ਪ੍ਰਾਈਵੇਟ ਲਿਮਟਿਡ ਕੰਪਨੀ (ਪੀਸੀਸੀਪੀਐਲ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਤੇ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਵਿੱਚ ਮਿੰਨੀ ਸਾਇੰਸ ਸੈਂਟਰ ਬਣਾ ਕੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ । ਦੋਹਾਂ ਸੈਂਟਰਾਂ ਦਾ ਉਦਘਾਟਨ ਕਰਨ ਮੌਕੇ ਮੌਜੂਦ ਕੰਪਨੀ ਦੇ ਸੀਈਓ ਵਿਨੋਦ ਕੁਮਾਰ ਗੁਪਤਾ, ਐਚ ਆਰ ਦੇ ਅਸਿਸਟੇਂਟ ਵਾਈਸ ਪ੍ਰੈਜ਼ੀਡੈਂਟ ਯਸਵਰਧਨ ਤ੍ਰਿਪਾਠੀ, ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਆਪ੍ਰੇਸ਼ਨ ਪਰਮਜੀਤ ਸਿੰਘ, ਜੀਐਮ ਆਪ੍ਰੇਸ਼ਨ ਮਹੇਸ਼ ਆਰ ਸ਼ੁਕਲਾ,ਏਜੀਐਮ ਐਚ ਆਰ ਵਿਨੀਤ ਰੈਨਾ,ਏਜੀਐਮ ਇੰਜੀਨੀਅਰਿੰਗ ਸਿਰਿਸ਼ ਮਿਸ਼ਰਾ ਤੇ ਅਜੈ ਧਵਨ ਨੇ ਦੱਸਿਆ ਕਿ ਕਰੀਬ 13 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਇਹ ਸੈਂਟਰ ਬੱਚਿਆਂ ਨੂੰ ਸਾਇੰਸ ਸਬੰਧੀ ਐਡਵਾਂਸ ਜਾਣਕਾਰੀ ਦੇਣ ਦੇ ਨਾਲ-ਨਾਲ ਬੱਚਿਆਂ ਵਿੱਚ ਨਵੀਆਂ-ਨਵੀਆਂ ਰੁਚੀਆਂ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਪੀਸੀਸੀਪੀਐਲ ਕੰਪਨੀ ਲੰਮੇਂ ਸਮੇਂ ਤੋਂ ਸਕੂਲਾਂ ਦੇ ਬੁਨਿਆਦੀ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਕੰਪਨੀ ਵੱਲੋਂ ਹੁਣ ਤੱਕ ਕਈ ਸਕੂਲਾਂ ਵਿਚ ਕਮਰੇ ਬਣਵਾਉਣ ਤੋਂ ਇਲਾਵਾ ਟਾਈਲਾਂ ਅਤੇ ਮਿੱਟੀ ਪਾਉਣ ਸਮੇਤ ਬੇਹਿਸਾਬ ਕੰਮ ਕੀਤੇ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੰਪਨੀ ਭਵਿੱਖ ਵਿਚ ਇਸ ਤਰ੍ਹਾਂ ਦੇ ਕਾਰਜ ਕਰਦਿਆਂ ਇਲਾਕੇ ਦੇ ਵਿਕਾਸ ਲਈ ਸਰਗਰਮ ਰਹੇਗੀ ।