ਗੁਰਦਾਸਪੁਰ ਵਿੱਚ ਬਿਜਲੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ- ਰਮਨ ਬਹਿਲ
ਕਿਹਾ- ਹਲਕੇ ਗੁਰਦਾਸਪੁਰ ਦਾ ਚਹੁਪੱਖੀ ਵਿਕਾਸ ਪਹਿਲੀ ਤਰਜੀਹ
ਰੋਹਿਤ ਗੁਪਤਾ
ਗੁਰਦਾਸਪੁਰ, 29 ਜਨਵਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੀਆਂ ਤਾਰਾਂ ਦੀ ਤਬਦੀਲੀ, ਨਵੇਂ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਪੁਰਾਣੇ ਟ੍ਰਾਂਸਫਾਰਮਰਾਂ ਦੀ ਅਪਗ੍ਰੇਸ਼ਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ।
ਉਹਨਾਂ ਦੱਸਿਆ ਕਿ ਗੁਰਦਾਸਪੁਰ ਸਬ-ਡਿਵੀਜ਼ਨ ਦੇ ਅੰਦਰ ਲੋਕਾਂ ਨੂੰ ਬਿਜਲੀ ਸੰਬੰਧੀ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 10 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ, ਜਿਸ ਵਿੱਚੋਂ 7 ਕਰੋੜ ਰੁਪਏ ਗੁਰਦਾਸਪੁਰ ਸ਼ਹਿਰ ਵਿੱਚ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਤਹਿਤ ਜਿੱਥੇ ਦਰੱਖਤਾਂ ਵਿਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਹਨ, ਉਨ੍ਹਾਂ ਨੂੰ ਬਦਲ ਕੇ ਕੇਬਲ ਤਾਰਾਂ ਪਾਈਆਂ ਜਾਣਗੀਆਂ। ਲਗਭਗ 32 ਕਿਲੋਮੀਟਰ ਤੱਕ ਤਾਰਾਂ ਦੀ ਤਬਦੀਲੀ ਕੀਤੀ ਜਾਵੇਗੀ।
ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿੱਥੇ ਲੋੜ ਹੋਵੇਗੀ ਉੱਥੇ ਨਵੇਂ ਟ੍ਰਾਂਸਫਾਰਮਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਰੀਬ 28 ਨਵੇਂ ਟ੍ਰਾਂਸਫਾਰਮਰ ਮਨਜ਼ੂਰ ਕੀਤੇ ਗਏ ਹਨ ਅਤੇ ਜੇ ਭਵਿੱਖ ਵਿੱਚ ਹੋਰ ਟ੍ਰਾਂਸਫਾਰਮਰਾਂ ਦੀ ਲੋੜ ਪਈ ਤਾਂ ਉਹ ਵੀ ਲਗਾਏ ਜਾਣਗੇ। ਇਸਦੇ ਨਾਲ ਹੀ ਜਿਹੜੇ ਟ੍ਰਾਂਸਫਾਰਮਰ ਓਵਰਲੋਡ ਹੋ ਚੁੱਕੇ ਹਨ, ਉਨ੍ਹਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅਕਸਰ ਮੀਂਹ ਜਾਂ ਹਨੇਰੀ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਸੀ, ਪਰ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਬਿਜਲੀ ਦੀ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਿਜਲੀ ਦੇ ਖੇਤਰ ਵਿੱਚ ਇੰਨੇ ਵੱਡੇ ਪੱਧਰ ਦਾ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਸ ਲਈ ਉਹ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਨ।
ਉਹਨਾਂ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਰਾਜਨੀਤੀ ਸਦਾ ਲੋਕਾਂ ਦੀ ਸੇਵਾ ਅਤੇ ਵਿਕਾਸ ਉੱਤੇ ਕੇਂਦਰਿਤ ਰਹੇਗੀ।ਉਨ੍ਹਾਂ ਦੁਹਰਾਇਆ ਕਿ ਗੁਰਦਾਸਪੁਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਦਿ੍ਰੜ ਸੰਕਲਪ ਹਨ।
ਇਸ ਮੌਕੇ ਐਕਸੀਅਨ ਕੁਲਦੀਪ ਸਿੰਘ, ਐਕਸੀਅਨ ਏਪੀਡੀਆਰਪੀ ਸੰਦੀਪ ਕੁਮਾਰ, ਐਸ.ਡੀ.ਓ ਸਿਟੀ ਭੁਪਿੰਦਰ ਸਿੰਘ ਕਲੇਰ, ਐਸ.ਡੀ.ਓ ਤਿੱਬੜ ਅਰੁਣ ਭਾਰਦਵਾਜ, ਐਸ.ਡੀ.ਓ ਸੁਬੁਰਬਾਨ ਰਜਤ ਸ਼ਰਮਾ, ਜੇ.ਈ ਪਵਨ ਕੁਮਾਰ, ਜੇ.ਈ ਜਸਵਿੰਦਰ, ਚੇਅਰਮੈਨ ਮਾਰਕਿਟ ਕਮੇਟੀ ਭਾਰਤ ਭੂਸ਼ਣ, ‘ਆਪ’ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਪਿੰਟਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਰਘੁਬੀਰ ਸਿੰਘ ਟੋਨੀ ਖਾਲਸਾ, ਹਲਕਾ ਐਜੂਕੇਸ਼ਨ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਬਲਾਕ ਪ੍ਰਧਾਨ ਰਾਜੇਸ਼ ਕੁਮਾਰ, ਬਲਾਕ ਪ੍ਰਧਾਨ ਗਗਨ ਮਹਾਜਨ,ਕੌਂਸਲਰ ਬਲਵਿੰਦਰ ਸਿੰਘ ਅਤੇ ਚੇਅਰਮੈਨ ਟਰੇਡ ਵਿੰਗ ਰਜਿੰਦਰ ਨੰਦਾ ਆਦਿ ਮੌਜੂਦ ਸਨ।