ਸੇਂਟ ਕਬੀਰ ਪਬਲਿਕ ਸਕੂਲ ਦੀ ਐਲੂਮੀਨੀ - ਮੀਟ ਵਿੱਚ ਲੱਗੀ ਰੌਣਕਾਂ ਦੀ ਝੜੀ
ਹੁੰਮ -ਹੁੰਮਾ ਕੇ ਪਹੁੰਚੇ ਸਾਬਕਾ ਵਿਦਿਆਰਥੀਆਂ ਨੇ ਬੀਤੇ ਹੋਏ ਪਲਾਂ ਨੂੰ ਕੀਤਾ ਯਾਦ
ਰੋਹਿਤ ਗੁਪਤਾ
ਗੁਰਦਾਸਪੁਰ 22 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਵਿਖੇ ਸਾਬਕਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਲਣੀ ‘ਕਬੀਰ-ਏ-ਮਿਲਾਪ’ ਦੇ ਪ੍ਰੋਗਰਾਮ ਹੇਠ ਬਹੁਤ ਹੀ ਦਿਲ ਖਿੱਚਵੇਂ ਅੰਦਾਜ਼ ਵਿੱਚ ਕਰਵਾਈ ਗਈ। ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਕੂਲ ਸੰਸਥਾਪਕ ਸਰਦਾਰ ਹਰਪਾਲ ਸਿੰਘ ਨੂੰ ਯਾਦ ਕਰਦਿਆਂ ਅਤੇ ਮਧੁਰ ਸ਼ਬਦ ਦਾ ਗਾਇਨ ਕਰਦਿਆਂ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ, ਸਾਬਕਾ ਪ੍ਰਿੰਸੀਪਲ ਜਤਿੰਦਰ ਕੌਰ ਰੰਧਾਵਾ ਜੀ ਦੁਆਰਾ ਸ਼ਮਾਂ ਰੋਸ਼ਨ ਕੀਤੀ ਗਈ। ਮੈਡਮ ਜਸਵਿੰਦਰ ਕੌਰ ਦੁਆਰਾ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹੋਇਆ ਪਹੁੰਚੇ ਹੋਏ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਜਿਸ ਵਿੱਚ 2009 ਤੋਂ ਲੈ ਕੇ 2022 ਤੱਕ ਦੇ ਪੜ੍ਹ ਚੁੱਕੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਤੇਜਪਾਲ ਸਿੰਘ ਧਾਲੀਵਾਲ ਨੇ ਆਪਣੇ ਜਜ਼ਬਾਤਾਂ ਨੂੰ ਸਾਰੇ ਵਿਦਿਆਰਥੀਆਂ ਸਨਮੁੱਖ ਰੱਖਿਆ ਤੇ ਸਾਰਿਆਂ ਨੂੰ 'ਜੀ ਆਇਆ' ਕਿਹਾ। ਇਸ ਉਪਰੰਤ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਹੀ ਵਿਦਿਆਰਥੀਆਂ ਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ। ਜਿਸ ਨਾਲ ਪੁਰਾਣੇ ਮਾਹੌਲ ਦੀ ਖੂਬਸੂਰਤ ਤਸਵੀਰ ਸਾਰਿਆਂ ਸਾਹਮਣੇ ਪੇਸ਼ ਹੋ ਗਈ। ਸਕੂਲ ਦੇ ਚੇਅਰਪਰਸਨ ਸਰਦਾਰਨੀ ਸਵਰਨ ਕੌਰ ਜੀ ਅਤੇ ਸਕੂਲ ਦੇ ਪਹਿਲੇ ਪ੍ਰਿੰਸੀਪਲ ਸ੍ਰੀ ਤਿਲਕ ਰਾਜ ਜੀ ਦੁਆਰਾ ਵਿਦਿਆਰਥੀਆਂ ਲਈ ਲਿਖਤੀ ਰੂਪ ਵਿੱਚ ਭੇਜੀਆਂ ਗਈਆਂ ਸ਼ੁਭ ਇੱਛਾਵਾਂ ਨੂੰ ਸਭ ਦੇ ਸਨਮੁਖ ਰੱਖਿਆ ਗਿਆ I ਸਾਬਕਾ ਵਿਦਿਆਰਥੀ ਬੰਨੀ ਜੌਹਲ, ਕਰਨ ਸੱਗਲ ਤੇ ਚਰਨਜੀਤ ਸਿੰਘ ਨੇ ਵੀਡੀਓ ਰਾਹੀਂ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ I ਇਸ ਤੋਂ ਇਲਾਵਾ ਵੀਡੀਓਗ੍ਰਾਫੀ ਰਾਹੀਂ ਸੇਂਟ ਕਬੀਰ ਸਕੂਲ ਦੀਆਂ 2001 ਤੋਂ ਲੈ ਕੇ 2025 ਤੱਕ ਦੀਆਂ ਪੁਰਾਤਨ ਖੂਬਸੂਰਤ ਝਲਕੀਆਂ ਪੇਸ਼ ਕੀਤੀਆਂ ਗਈਆਂ। ਸਕੂਲੀ ਵਿਦਿਆਰਥਣ ਹਰਸਿਮਰਤ ਕੌਰ ਨੇ ਭੰਗੜੇ ਨਾਲ ਮਾਹੌਲ ਵਿੱਚ ਨਵੀਂ ਰੰਗਤ ਭਰੀ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਢੋਲ ਦੀ ਧਮਕ ਤੇ ਸੱਭਿਆਚਾਰਕ ਲੁੱਡੀ ਦੀ ਪੇਸ਼ਕਾਰੀ ਕਰਕੇ ਖ਼ੂਬ ਵਾਹ- ਵਾਹ ਖੱਟੀ।
ਪ੍ਰੋਗਰਾਮ ਦੇ ਆਖਰੀ ਪੜਾਅ ਵਿੱਚ ਪ੍ਰਿੰਸੀਪਲ ਸਾਹਿਬ , ਸਕੂਲ ਪ੍ਰਬੰਧਕ ਮੈਂਬਰਾਂ ਦੁਆਰਾ ਪਹੁੰਚੇ ਹੋਏ ਵਿਦਿਆਰਥੀ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਕੂਲ ਪ੍ਰਬੰਧਕਾਂ ਦੁਆਰਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਤੋਹਫ਼ੇ ਭੇਂਟ ਕੀਤੇ ਗਏ। ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣ , ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਅਤੇ ਸਮਾਜ ਲਈ ਇੱਕ ਸੇਧ ਬਣਨ ਦੀ ਪ੍ਰੇਰਨਾ ਵੀ ਦਿੱਤੀ ਗਈ।