ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਦੇ ਜਜ਼ਬੇ ਦਾ ਅਜੋਕਾ ਮਹੱਤਵ ਵਿਸ਼ੇ ਤੇ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਜਲੰਧਰ, 22 ਦਸੰਬਰ 2025: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਦੇਸ਼ ਭਗਤ ਯਾਦਗਾਰ ਜਲੰਧਰ‘ ਦੇ ‘ਗਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ‘ ਵਿਖੇ ਨਾਮਵਰ ਵਿਦਵਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ।ਉੱਘੇ ਬੁੱਧੀਜੀਵੀ, ਮਨੁੱਖੀ ਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਦੇ ਮਾਨਵੀ ਯੁੱਧ ਦੇ ਬੇਖੌਫ ਜੁਝਾਰੂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਮੁੱਖ ਵਿਸ਼ੇ “ਸ਼੍ਰੀ ਗੁਰੂ ਤੇਗ ਬਹਾਦਰ, ਚਾਰ ਸਾਹਿਬਜਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੇ ਕੁਰਬਾਨੀ ਦੇ ਅਦੁੱਤੀ ਜਜਬੇ ਦਾ ਅਜੋਕਾ ਮਹੱਤਵ“ ਬਾਰੇ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਤਿਆਗ ਦੀ ਅਦੁੱਤੀ ਗਾਥਾ ਦੇ ਸਿਰਜਣਹਾਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ, ਉਨ੍ਹਾਂ ਦੇ ਚਾਰੇ ਹੋਣਹਾਰ ਸਪੁੱਤਰਾਂ ਅਤੇ ਲਾਤਾਦਾਦ ਸਿੱਖ ਸ਼ਹੀਦਾਂ ਨੇ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ, ਕਿਸੇ ਹੋਰ ਵਿਸ਼ੇਸ਼ ਧਰਮ ਦੀ ਰਾਖੀ ਲਈ ਸ਼ਹਾਦਤ ਨਹੀਂ ਸੀ ਦਿੱਤੀ।
ਬਲਕਿ ਉਨ੍ਹਾਂ ਨੇ ਧਾਰਮਿਕ ਆਜਾਦੀਆਂ, ਮਨੁੱਖੀ ਅਧਿਕਾਰਾਂ ਤੇ ਸਾਂਝੀਵਾਲਤਾ ਦੀ ਰਾਖੀ ਅਤੇ ਲੁੱਟ-ਖਸੁੱਟ, ਜਬਰ-ਵਿਤਕਰੇ ਤੇ ਕੱਟੜਤਾ ਦੇ ਖਾਤਮੇ ਲਈ ਆਪਣਾ-ਆਪ ਕੁਰਬਾਨ ਕਰਨ ਦੀ ਸ਼ਾਨਾਮੱਤੀ ਵਿਰਾਸਤ ਸਿਰਜੀ ਸੀ। ਉਨ੍ਹਾਂ ਦਾ ਯੁੱਧ ਕਿਸੇ ਵਿਸ਼ੇਸ਼ ਧਰਮ, ਰੰਗ-ਨਸਲ, ਜਾਤ ਜਾਂ ਖਿੱਤੇ ਨਾਲ ਸਬੰਧਤ ਹੁਕਮਰਾਨਾਂ ਦੇ ਖਿਲਾਫ ਨਹੀਂ ਸੀ। ਉਨ੍ਹਾਂ ਨੇ ਤਾਂ ਜਾਲਿਮ ਸਥਾਪਤੀ ਦੇ ਖੂਨੀ ਪੰਜਿਆਂ ਤੋਂ ਕਿਰਤੀ ਜਨ ਸਮੂਹਾਂ ਦੀ ਸਦੀਵੀ ਮੁਕਤੀ ਦਾ ਮਾਨਵੀ ਸੰਗਰਾਮ ਲੜਿਆ ਸੀ। ਪ੍ਰੋਫੈਸਰ ਜਗਮੋਹਨ ਨੇ ਕਿਹਾ ਕਿ ਸਿਰਲੱਥ ਸਿੱਖ ਸ਼ਹੀਦਾਂ ਦੀ ਤਿਆਗ ਦੀ ਇਸ ਬੇਜੋੜ ਭਾਵਨਾ ਅਤੇ ਸਾਂਝੀਵਾਲਤਾ ਦੇ ਉਨ੍ਹਾਂ ਦੇ ਮਹਾਨ ਜਜਬੇ ਦਾ ਸੁਵੱਲਾ ਪ੍ਰਭਾਵ ਸੁਤੰਤਰਤਾ ਸੰਗਰਾਮ ਦੌਰਾਨ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਸੀ, ਜਿਸ ਦਾ ਪ੍ਰਗਟਾਵਾ ਗਦਰ ਤਹਿਰੀਕ ਦੇ ਦਸਤਾਵੇਜ਼ਾਂ, ਜਲ੍ਹਿਆਂ ਵਾਲਾ ਬਾਗ ਸ਼ਹੀਦੀ ਸਾਕੇ ਅਤੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਬਾਖੂਬੀ ਹੁੰਦਾ ਹੈ। ਵਿਦਵਾਨ ਬੁਲਾਰੇ ਨੇ ਜੋਰ ਦਿੰਦਿਆਂ ਕਿਹਾ ਕਿ ‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰਾਖੀ ਲਈ ਸ਼ੀਸ ਵਾਰਨ“ ਦਾ ਇਕ ਪਾਸੜ ਤੇ ਖੋਟਾ ਬਿਰਤਾਂਤ ਜਨ ਸਮੂਹਾਂ ਦੀ ਜਮਾਤੀ ਏਕਤਾ ਅਤੇ ਫਿਰਕੂ ਇਕਸੁਰਤਾ ਤੋਂ ਭੈਅਭੀਤ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਲੋਟੂ ਹਿਤਾਂ ਦੀਆਂ ਪਹਿਰਾਬਰਦਾਰ ਫਿਰਕੂ-ਵੰਡਵਾਦੀ ਤਾਕਤਾਂ ਵਲੋਂ ਸਾਜਿਸ਼ਨ ਘੜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਸਪਸ਼ਟਤਾ ਨਾਲ ਕਿਹਾ ਕਿ ‘ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ‘ ਦਾ ਕੂੜ ਪ੍ਰਚਾਰ ਉਹ ਸਵਾਰਥੀ ਤੱਤ ਕਰ ਰਹੇ ਹਨ ਜੋ ਅਜੋਕੀ ਹਰ ਬੁਰਾਈ ਲਈ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨੂੰ ਦੋਸ਼ੀ ਠਹਿਰਾ ਕੇ ਕਿਰਤੀ ਜਨ ਸਮੂਹਾਂ ਦੀ ਮੰਦਹਾਲੀ ਦੇ ਕਸੂਰਵਾਰ ਸਾਮਰਾਜੀਆਂ ਅਤੇ ਪੂੰਜੀਪਤੀ-ਜਗੀਰੂ ਵਰਗਾਂ ਨੂੰ ਸਾਫ ਬਰੀ ਕਰਦੇ ਹਨ। ਇੰਝ ਕਰਨ ਰਾਹੀਂ ਉਹ ਲੁਟੇਰਾ ਜਮਾਤੀ ਰਾਜ-ਪ੍ਰਬੰਧ ਹਮੇਸ਼ ਕਾਇਮ ਰੱਖਣ ਲਈ ਭਾਈਚਾਰਿਆਂ ‘ਚ ਦਰਾੜ ਪੈਦਾ ਕਰ ਰਹੇ ਹਨ।
ਪ੍ਰੋਫੈਸਰ ਜਗਮੋਹਨ ਨੇ ਕਿਹਾ ਕਿ ਸਿੱਖ ਰਹਿਬਰਾਂ ਦੀਆਂ ਸ਼ਹਾਦਤਾਂ ਸਮੁੱਚੇ ਮਿਹਨਤਕਸ਼ਾਂ ਦੀ ਏਕਤਾ ਕਾਇਮ ਕਰਦੇ ਹੋਏ ਲੁੱਟ-ਚੋਂਘ, ਜਬਰ ਵਿਤਕਰੇ ਤੋਂ ਮੁਕਤੀ ਲਈ ਅਤੇ ਭਾਈ ਲਾਲੋਆਂ ਭਾਵ ਸੱਚੀ-ਸੁੱਚੀ ਕਿਰਤ ਕਰਨ ਵਾਲੇ ਮਿਹਨਤਕਸ਼ਾਂ ਦਾ ਰਾਜ ਯਾਨਿ ਬੇਗਮਪੁਰਾ ਸਿਰਜਨ ਲਈ ਜੂਝਣ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤੀ ਕਿਰਤੀਆਂ ਨੂੰ ਗਰੀਬ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਵਾਲੇ ਸਾਮਰਾਜੀ ਧਾੜਵੀਆਂ, ਭਾਰਤ ਦੀਆਂ ਆਮਦਨਾਂ, ਜਾਇਦਾਦਾਂ ‘ਤੇ ਦੱਬਾ ਮਾਰੀ ਬੈਠੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਨਵ ਧਨਾਢਾਂ ਦੀ ਅਜੋਕੇ ਮਲਕ ਭਾਗੋਆਂ ਵਜੋਂ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਤਿਅੰਤ ਦੁਰਭਾਗ ਦੀ ਗੱਲ ਹੈ ਕਿ ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਦੇ ਹੁਕਮਾਂ ਤਹਿਤ ਸੁਤੰਤਰਤਾ ਸੰਗਰਾਮ ਦੀ ਪਿੱਠ ‘ਚ ਛੁਰਾ ਮਾਰਨ ਵਾਲਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ ਹੋ ਚੁੱਕਿਆ ਹੈ। ਪਾਸਲਾ ਨੇ ਕਿਹਾ ਕਿ ਸੰਘੀ ਟੋਲੇ ਦੇਸ਼ ਦੀ ਮੁਸਲਿਮ ਤੇ ਈਸਾਈ ਘੱਟ ਗਿਣਤੀ ਵਸੋਂ, ਸਦੀਆਂ ਤੋਂ ਲੁੱਟੇ-ਲਤਾੜੇ ਦਲਿਤਾਂ ਅਤੇ ਸਿ੍ਰਸ਼ਟੀ ਦੀਆਂ ਸਿਰਜਣਹਾਰ ਔਰਤਾਂ ਖਿਲਾਫ਼ ਅੱਜ ਉਹੀ ਜੁਲਮ ਕਮਾ ਰਹੇ ਹਨ, ਜੋ ਆਪਣੀ ਚੜ੍ਹਤ ਦੇ ਦੌਰ ‘ਚ ਐਰੰਗਜੇਬ ਨੇ ਕਮਾਏ ਸਨ।
ਉਨ੍ਹਾਂ ਕਿਹਾ ਕਿ ਅਜੋਕੇ ਹੁਕਮਰਾਨ ਤੇ ਉਨ੍ਹਾਂ ਦੇ ਆਕਾ ਦੇਸ਼ ਦੇ ਮੌਜੂਦਾ ਸੰਵਿਧਾਨ, ਜਮਹੂਰੀ-ਧਰਮ ਨਿਰਪੱਖ-ਫੈਡਰਲ ਢਾਂਚੇ ਅਤੇ ਸੁਤੰਤਰਤਾ ਸੰਗਰਾਮ ਦੌਰਾਨ ਤੇ ਉਸ ਤੋਂ ਪਹਿਲਾਂ ਕਾਇਮ ਹੋਈਆਂ ਸਾਰੀਆਂ ਨਰੋਈਆਂ ਪ੍ਰੰਪਰਾਵਾਂ ਨੂੰ ਤਹਿਸ-ਨਹਿਸ ਕਰੀ ਜਾ ਰਹੇ ਹਨ। ਸਾਥੀ ਪਾਸਲਾ ਨੇ ਜੋਰ ਦੇ ਕੇ ਕਿਹਾ ਕਿ ਸਾਂਝੀਵਾਲਤਾ, ਜਮਹੂਰੀਅਤ ਤੇ ਇਨਸਾਫ ਦੇ ਪਹਿਰਾਬਰਦਾਰਾਂ ਨੂੰ ਇਕਜੁੱਟ ਹੋ ਕੇ ਮੋਦੀ ਸਰਕਾਰ ਦੀ ਸੱਤਾ ਤੋਂ ਬੇਦਖਲੀ ਦਾ ਯੁਧ ਲੜਨਾ ਚਾਹੀਦਾ ਹੈ। ਨਾਲ ਹੀ ਸਮੂਹ ਭਾਰਤੀ ਲੋਕਾਈ ਨੂੰ ਤਾਨਾਸ਼ਾਹੀ ਤਰਜ ਦਾ, ਧਰਮ ਆਧਾਰਿਤ, ਕੱਟੜ-ਪਿਛਾਖੜੀ, ਹਿੰਦਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਘਾਤਕ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਘੋਲਾਂ ਦੇ ਪਿੜ ਮੱਲਣੇ ਚਾਹੀਦੇ ਹਨ। ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗਾਂ ਲਈ ਲਾਸਾਨੀ ਸਿੱਖ ਸ਼ਹਾਦਤਾਂ ਦਾ ਅਜੋਕੇ ਸਮੇਂ ਇਹੋ ਮਹੱਤਵ ਹੈ।
ਮੰਚ ‘ਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਵੀ ਮੌਜੂਦ ਸਨ। ਮੰਚ ਸੰਚਾਲਕ ਦੇ ਫਰਜ ਪਾਰਟੀ ਦੀ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਨਿਭਾਏ। ਸਮਰੱਥ ਬੁਲਾਰਿਆਂ ਦੇ ਵੱਡਮੁਲੇ ਵਿਚਾਰ ਸੁਨਣ ਲਈ ਬਾਵੱਕਾਰ ਨਿਆਂ ਪਸੰਦ ਸ਼ਹਿਰੀ ਅਤੇ ਸੰਜੀਦਾ ਸਿਆਸੀ-ਸਮਾਜਕ ਕਾਰਕੁੰਨ ਪੰਜਾਬ ਭਰ ਚੋਂ ਧਾਹ ਕੇ ਪੁੱਜੇ ਅਤੇ ਵਿਚਾਰ-ਚਰਚਾ ਨੂੰ ਪੂਰੀ ਇਕਾਗਰ ਚਿੱਤ ਹੋ ਕੇ ਸੁਣਿਆ। ਹਾਜ਼ਰੀਨ ਨੇ ਪਾਰਟੀ ਦੀ ਵਿਲੱਖਣ ਪਹਿਲਕਦਮੀ ਦੀ ਡੱਟਵੀਂ ਸ਼ਲਾਘਾ ਵੀ ਕੀਤੀ।