ਲੁੱਟ-ਖੋਹ ਮਾਮਲੇ ‘ਚ ਵੱਡੀ ਸਫਲਤਾ: ਟਰੱਕ ਡਰਾਈਵਰ ਦੀ ਹੱਤਿਆ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ
ਮੁਕਾਬਲੇ ਦੌਰਾਨ ਇੱਕ ਜ਼ਖ਼ਮੀ — ਮਾਲੇਰਕੋਟਲਾ ਪੁਲਿਸ ਦੀ ਸਖ਼ਤ ਕਾਰਵਾਈ
ਮਾਲੇਰਕੋਟਲਾ 22 ਦਸੰਬਰ :
ਸੀਨੀਅਰ ਕਪਤਾਨ ਪੁਲਿਸ, ਮਲੇਰਕੋਟਲਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਣਯੋਗ ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਮਲੇਰਕੋਟਲਾ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮਲੇਰਕੋਟਲਾ, ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਅਮਰਗੜ੍ਹ, ਇੰਚਾਰਜ ਸੀਆਈਏ ਸਟਾਫ ਮਲੇਰਕੋਟਲਾ, ਮੁੱਖ ਅਫ਼ਸਰ ਥਾਣਾ ਅਮਰਗੜ੍ਹ ਅਤੇ ਮੁੱਖ ਅਫ਼ਸਰ ਥਾਣਾ ਸਾਇਬਰ ਵੱਲੋਂ ਮੁਕੱਦਮਾ ਨੰਬਰ 368 ਮਿਤੀ 18.12.2025 ਅਧੀਨ ਧਾਰਾ 105, 309(5), 3(5) BNS ਥਾਣਾ ਅਮਰਗੜ੍ਹ ਦੇ ਨਾਮਾਲੂਮ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ਼ ਕਾਲਾ ਪੁੱਤਰ ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ, ਪ੍ਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚਿੱਢਕ ਜ਼ਿਲ੍ਹਾ ਮੋਗਾ ਹਾਲ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕਰਕੇ ਮਿਤੀ 21.12.2025 ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਮਿਤੀ 17.12.2025 ਨੂੰ ਥਾਣਾ ਅਮਰਗੜ੍ਹ ਦੀ ਪੁਲਿਸ ਨੂੰ ਰਾਤ 10:30 ਵਜੇ ਸੂਚਨਾ ਮਿਲੀ ਕਿ ਧੂਰੀ ਰੋਡ, ਪਿੰਡ ਸੰਗਾਵਾਂ ਦੇ ਨੇੜੇ ਇੱਕ ਅਣਪਛਾਤੀ ਲਾਸ਼ ਪਈ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਲਾਸ਼ ਦੇ ਨੇੜੇ ਇੱਕ ਟਰੱਕ ਖੜਾ ਮਿਲਿਆ। ਮੁੱਢਲੀ ਜਾਂਚ ਤੋਂ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜਯੰਤ ਇਨਕਲੇਵ ਨੇੜੇ ਪੀ.ਏ.ਸੀ. ਸਹਾਰਨਪੁਰ, ਬਰੇਲੀ (ਯੂ.ਪੀ.) ਵਜੋਂ ਹੋਈ, ਜੋ ਲਗਭਗ 6 ਮਹੀਨਿਆਂ ਤੋਂ ਨਿਰਮਲ ਸਿੰਘ ਵਾਸੀ ਫਿਲੌਰ ਜ਼ਿਲ੍ਹਾ ਜਲੰਧਰ ਦੇ ਟਰੱਕ ਨੰਬਰ PB-08-FR-9813 ‘ਤੇ ਡਰਾਈਵਰੀ ਕਰਦਾ ਸੀ।
ਉਕਤ ਟਰੱਕ ਨੰਬਰ PB-08-FR-9813 ਲੈ ਕੇ ਸੰਗਰੂਰ ਸਾਈਡ ਜਾ ਰਿਹਾ ਸੀ ਕਿ ਰਸਤੇ ਵਿੱਚ ਨਾਮਾਲੂਮ ਵਿਅਕਤੀਆਂ ਵੱਲੋਂ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਮ੍ਰਿਤਕ ਅਮਰੀਕ ਸਿੰਘ ਦੀਆਂ ਲੱਤਾਂ ਅਤੇ ਬਾਂਹਾਂ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਟਰੱਕ ਦੀ ਕੰਡਕਟਰ ਵਾਲੀ ਸਾਈਡ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ, ਜਿਸ ਕਾਰਨ ਅਮਰੀਕ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸੰਗ ਬਿਹਾਰ ਹੀਰਾ ਬਾਗ ਸਬਜ਼ੀ ਮੰਡੀ ਸਨੌਰ ਪਟਿਆਲਾ ਦੇ ਬਿਆਨ ‘ਤੇ ਉਕਤ ਮੁਕੱਦਮਾ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਗਈ ਅਤੇ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਨੇ ਅਮਨ ਪੁੱਤਰ ਸੁਖਦੇਵ ਸਿੰਘ ਵਾਸੀ ਫਤਿਹਗੜ੍ਹ ਛੰਨਾ ਦੀ ਮਦਦ ਨਾਲ ਅਮਰੀਕ ਸਿੰਘ ਨੂੰ ਜਾਲ ਵਿੱਚ ਫਸਾ ਕੇ ਲੁੱਟ-ਖੋਹ ਦੇ ਇਰਾਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਅਮਨ ਦੀ ਗ੍ਰਿਫ਼ਤਾਰੀ ਬਾਕੀ ਹੈ।
ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਵੱਲੋਂ ਪੁੱਛਗਿੱਛ ਦੌਰਾਨ ਮੰਨਿਆ ਗਿਆ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਬਠਿੰਡਾ ਅਤੇ ਬਰਨਾਲਾ ਦੇ ਇਲਾਕਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਅੱਜ ਮਿਤੀ 22.12.2025 ਨੂੰ ਥਾਣਾ ਅਮਰਗੜ੍ਹ ਦੀ ਪੁਲਿਸ ਪਾਰਟੀ ਇੰਸਪੈਕਟਰ ਦਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਅਮਰਗੜ੍ਹ ਦੀ ਅਗਵਾਈ ਹੇਠ ਸਰਕਾਰੀ ਗੱਡੀ ਨੰਬਰ PB-65-BG-5266 ਸਕਾਰਪਿਓ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਕਾਲਾ ਵੱਲੋਂ ਵਰਤੇ ਹਥਿਆਰ ਦੇਸੀ ਪਿਸਤੌਲ .315 ਬੋਰ ਦੀ ਬਰਾਮਦਗੀ ਲਈ ਫਰੈਨ ਪੁਲ ਪਿੰਡ ਮੁਹੰਮਦਗੜ੍ਹ ਲੈ ਕੇ ਗਈ। ਉੱਥੇ ਦੋਸ਼ੀ ਨੇ ਲੁਕਾਇਆ ਹੋਇਆ ਪਿਸਤੌਲ ਕੱਢ ਕੇ ਪੁਲਿਸ ਪਾਰਟੀ ‘ਤੇ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ। ਇੰਸਪੈਕਟਰ ਦਲਜੀਤ ਸਿੰਘ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਵਿੱਚ ਸਰਕਾਰੀ ਅਸਲਾ ਵਰਤ ਕੇ ਫਾਇਰ ਕੀਤਾ ਜੋ ਦੋਸ਼ੀ ਦੇ ਪੈਰ ‘ਚ ਲੱਗਾ।
ਦੋਸ਼ੀ ਨੂੰ ਕਾਬੂ ਕਰਕੇ ਦੇਸੀ ਪਿਸਤੌਲ .315 ਬੋਰ ਸਮੇਤ ਇੱਕ ਖਾਲੀ ਖੋਲ ਕਾਰਤੂਸ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਅਤੇ ਦੋਸ਼ੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਮਲੇਰਕੋਟਲਾ ਦਾਖ਼ਲ ਕਰਵਾਇਆ ਗਿਆ।
ਇਸ ਸਬੰਧੀ ਇੰਸਪੈਕਟਰ ਦਲਜੀਤ ਸਿੰਘ ਦੇ ਬਿਆਨ ‘ਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਕਾਲਾ ਖ਼ਿਲਾਫ਼ ਮੁਕੱਦਮਾ ਨੰਬਰ 370 ਮਿਤੀ 22.12.2025 ਅਧੀਨ ਧਾਰਾ 109, 132, 221, 324(4) BNS ਅਤੇ 25, 54, 59 ਅਸਲਾ ਐਕਟ ਥਾਣਾ ਅਮਰਗੜ੍ਹ ਵਿਖੇ ਦਰਜ ਕੀਤਾ ਗਿਆ ਹੈ।
ਦੋਸ਼ੀਆਂ ਖ਼ਿਲਾਫ਼ ਦਰਜ ਮੁਕੱਦਮਿਆਂ ਦਾ ਵੇਰਵਾ:
1. ਬੂਟਾ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ
ਮੁਕੱਦਮਾ ਨੰਬਰ 04 ਮਿਤੀ 06.12.2024 ਧਾਰਾ 307, 324, 323, 325, 326, 506, 148, 149 IPC ਥਾਣਾ ਮਹਲ ਕਲਾਂ
ਮੁਕੱਦਮਾ ਨੰਬਰ 08 ਮਿਤੀ 15.02.2024 ਧਾਰਾ 399, 402, 411 IPC ਅਤੇ 25 ਅਸਲਾ ਐਕਟ ਥਾਣਾ ਟੱਲੇਵਾਲ, ਜ਼ਿਲ੍ਹਾ ਬਰਨਾਲਾ
2. ਪ੍ਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚਿੱਢਕ ਜ਼ਿਲ੍ਹਾ ਮੋਗਾ (ਹਾਲ ਵਾਸੀ ਪਿੰਡ ਚੰਨਨਵਾਲ, ਜ਼ਿਲ੍ਹਾ ਬਰਨਾਲਾ)
ਮੁਕੱਦਮਾ ਨੰਬਰ 04 ਮਿਤੀ 06.12.2024 ਧਾਰਾ 307, 324, 323, 325, 326, 506, 148, 149 IPC
ਮੁਕੱਦਮਾ ਨੰਬਰ 50 ਮਿਤੀ 16.09.2024 ਧਾਰਾ 333, 115(2), 351(2), 191(3), 190 BNS
3. ਗੁਰਪ੍ਰੀਤ ਸਿੰਘ ਉਰਫ਼ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ
ਮੁਕੱਦਮਾ ਨੰਬਰ 58 ਮਿਤੀ 26.07.2025 ਧਾਰਾ 105, 3(5) BNS ਥਾਣਾ ਮਹਲ ਕਲਾਂ
ਬਰਾਮਦਗੀ:
ਦੇਸੀ ਪਿਸਤੌਲ .315 ਬੋਰ ਸਮੇਤ ਇੱਕ ਖਾਲੀ ਖੋਲ ਕਾਰਤੂਸ ਅਤੇ ਇੱਕ ਜਿੰਦਾ ਕਾਰਤੂਸ
ਇੱਕ ਸਵਿਫਟ ਕਾਰ ਨੰਬਰ HR-05-AN-5398