ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਤੇ ਭਾਰੀ ਰੋਸ
16% ਡੀ ਏ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ
16 ਨਵੰਬਰ ਨੂੰ ਸੰਗਰੂਰ ਕੀਤੀ ਜਾਵੇਗੀ ਸੂਬਾਈ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ 17 ਅਕਤੂਬਰ :
ਅੱਜ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਇਕੱਤਰ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਸ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਗੁਰਦਾਸਪੁਰ ਦੇ ਜਿਲ੍ਹਾ ਆਗੁਆਂ ਅਨਿਲ ਕੁਮਾਰ ਲਾਹੌਰੀਆ, ਪਰੇਮ ਕੁਮਾਰ, ਕੁਲਦੀਪ ਪੁਰੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 16% ਡੀ ਏ ਕੇਂਦਰ ਸਰਕਾਰ ਨਾਲ਼ੋਂ ਘੱਟ ਦਿੱਤਾ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਕੱਚੇ ਮੁਲਾਜ਼ਮਾਂ ਨੂੰ ਪੂਰੇ ਲਾਭ ਦੇ ਕੇ ਪੱਕੇ ਨਹੀਂ ਕੀਤਾ ਜਾ ਰਿਹਾ,ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਸਫਾਈ ਕਰਮਚਾਰੀ, ਨਿਗੂਣੇ ਭੱਤਿਆਂ ਤੇ ਕੰਮ ਕਰ ਰਹੇ ਹਨ, 4/9/14 ਏ ਸੀ ਪੀ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ , ਨਵੇਂ ਭਰਤੀ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਨਹੀਂ ਦਿੱਤਾ ਜਾ ਰਿਹਾ, ਹਜ਼ਾਰਾਂ ਖ਼ਾਲੀ ਆਸਾਮੀਆਂ ਉੱਪਰ ਭਰਤੀ ਨਹੀਂ ਕੀਤੀ ਜਾ ਰਹੀ, ਤਰੱਕੀਆਂ ਸਮਾਂ ਬੱਧ ਨਹੀਂ ਹੋ ਰਹੀਆਂ। ਆਗੂਆਂ ਕਿਹਾ ਕਿ ਸੂਬਾ ਆਗੂਆਂ ਨਾਲ ਕਈ ਵਾਰ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਲਾਰੇ ਲੱਪੇ ਲਗਾਏ ਜਾ ਰਹੇ ਹਨ। ਆਗੂਆਂ ਕਿਹਾ ਮੰਗਾਂ ਦਾ ਹੱਲ ਨਾ ਹੋਣ ਕਾਰਨ 16 ਨਵੰਬਰ ਨੂੰ ਸੰਗਰੂਰ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਿੱਸਾ ਲੈਣਗੇ। ਇਸ ਮੌਕੇ ਰਾਜਿੰਦਰ ਸਿੰਘ, ਹਰਜੀਤ ਸਿੰਘ, ਜੋਤ ਪ੍ਰਕਾਸ਼ ਸਿੰਘ, 6635 ਆਗੂ ਰਜਸੁਖਵਿੰਦਰ ਸਿੰਘ, ਗੁਰਮੁੱਖ ਸਿੰਘ,ਬਲਕਾਰ ਸਿੰਘ, ਕਪਿਲ ਸ਼ਰਮਾ, ਅਜਿਤ ਸਿੰਘ, ਰਜਨੀਸ਼ ਕੁਮਾਰ, ਰਮੇਸ਼ ਖੁੰਡਾ, ਕੁਲਵੰਤ ਸਿੰਘ, ਤਰਸੇਮ ਮਸੀਹ, ਮੁਹਿੰਦਰ ਸਿੰਘ, ਸਲੀਮ, ਲਵਜੀਤ, ਯਕੂਬ, ਵਰਿੰਦਰ ਆਦਿ ਹਾਜ਼ਰ ਸਨ।