ਰਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 17ਅਕਤੂਬਰ 2025 :ਗੈਸਟ ਫੈਕਿਲਟੀ ਸਹਾਇਕ ਪ੍ਰੋਫੈਸਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਸਟਾਫ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਇਹਨਾਂ ਪ੍ਰੋਫੈਸਰ ਦੀਆਂ ਪਿਛਲੇ 10 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਹਾਇਕ ਪ੍ਰੋਫੈਸਰਾਂ ਨੇ ਕਿਹਾ ਕਿ ਵਾਰ-ਵਾਰ ਮੀਟਿੰਗ ਕਰਨ ਤੋਂ ਬਾਅਦ ਧਰਨੇ ਲਾਉਣ ਤੋਂ ਬਾਅਦ ਸਰਕਾਰ ਵੱਲੋਂ ਲਗਾਤਾਰ ਲਾਰਾ ਲਗਾਇਆ ਜਾ ਰਿਹਾ ਜਿਸ ਕਾਰਨ ਇਨਾ ਪ੍ਰੋਫੈਸਰਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਇਹਨਾਂ ਦੇ ਘਰਾਂ ਦੇ ਚੁੱਲੇ ਲੰਬੇ ਸਮੇਂ ਤੋਂ ਠੰਡੇ ਹੋ ਚੁੱਕੇ ਹਨ ਅਤੇ ਜਿਸ ਤਰ੍ਹਾਂ ਪਹਿਲਾਂ ਤਿਉਹਾਰ ਸੁੱਕੇ ਲੰਘੇ ਹਨ ਜਾਪਦਾ ਹੈ ਕਿ ਦਿਵਾਲੀ ਵੀ ਹੁਣ ਇਸੇ ਤਰ੍ਹਾਂ ਹੀ ਲੰਘੇਗੀ। ਸਰਕਾਰੀ ਰਜਿੰਦਰਾ ਕਾਲਜ ਦੇ ਪ੍ਰੋਫੈਸਰ ਸਰਬਜੀਤ ਸਿੰਘ ਅਤੇ ਪ੍ਰੋਫੈਸਰ ਰਾਜਪਾਲ ਕੌਰ ਨੇ ਕਿਹਾ ਕਿ ਇਹਨਾਂ ਪ੍ਰੋਫੈਸਰਾਂ ਦੀਆਂ ਨਿਗੂਣੀਆਂ ਤਨਖਾਹਾਂ ਵੀ ਰੋਕ ਲਈਆਂ ਗਈਆਂ ਹਨ ਜਿਸ ਕਰਕੇ ਇਹਨਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾੜੀ ਸਰਕਾਰ ਦੁਆਰਾ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਆਪਣੀ ਜ਼ਿੰਦਗੀ ਦੇ ਕੀਮਤੀ 15 ਤੋਂ 20 ਸਾਲ ਇਹਨਾਂ ਕਾਲਜਾਂ ਨੂੰ ਦੇਣ ਤੋਂ ਬਾਅਦ ਇਹਨਾਂ ਪ੍ਰੋਫੈਸਰਾਂ ਦੀ ਹਾਲਤ ਬਹੁਤ ਹੀ ਬੁਰੀ ਕਰ ਦਿੱਤੀ ਗਈ ਹੈ, ਪਰ ਮਾੜੀ ਸਰਕਾਰ ਦੇ ਕੰਨ ਉੱਪਰ ਕੋਈ ਜੂੰ ਨਹੀਂ ਸਰਕ ਰਹੀ ਹੈ।