ਦਿੱਲੀ ਤੋਂ ਫੂਡ ਮਨਿਸਟਰੀ ਦੀ ਟੀਮ ਨੇ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਦਾਣਾ ਮੰਡੀਆਂ ਵਿੱਚ ਹੜਾਂ ਕਾਰਨ ਝੋਨੇ ਦੀ ਪ੍ਰਭਾਵਿਤ ਫਸਲ ਦਾ ਜਾਇਜ਼ਾ ਲਿਆ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਕਲਾਨੌਰ/ਦੀਨਾਨਗਰ,14 ਅਕਤੂਬਰ
ਹੜ੍ਹਾਂ ਕਾਰਨ ਪ੍ਰਭਾਵਿਤ ਦਾਣਾ ਮੰਡੀਆਂ ਵਿੱਚ ਪਹੁੰਚੀ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਦਿੱਲੀ ਤੋਂ ਫੂਡ ਮਨਿਸਟਰੀ ਦੀ ਟੀਮ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਦਾਣਾ ਮੰਡੀਆਂ ਵਿੱਚ ਪਹੁੰਚੀ ਤੇ ਉਨ੍ਹਾਂ ਪ੍ਰਭਾਵਿਤ ਝੋਨੇ ਦੀ ਫਸਲ ਦੇ ਸੈਂਪਲ ਭਰੇ। ਫੂਡ ਮਨਿਸਟਰੀ ਦੀ ਟੀਮ ਵਿੱਚ ਸ੍ਰੀ ਪ੍ਰਭਾਕਰ ਐਡੀਸ਼ਨਲ ਡਾਇਰੈਕਟਰ, ਮੈਡਮ ਸ਼ਾਂਤੀ ਪਾਲ ਅਤੇ ਰੌਬਿਨ ਸਿੰਘ ਟੈਕਨੀਕਲ ਅਫਸਰ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਐਸ.ਡੀ.ਐਮ ਡੇਰਾ ਬਾਬਾ ਨਾਨਕ ਸ਼੍ਰੀ ਆਦਿਤਿਆ ਸ਼ਰਮਾ ਵੀ ਪਹੁੰਚੇ।
ਇਸ ਮੌਕੇ ਗੱਲ ਕਰਦਿਆਂ ਸੁਖਜਿੰਦਰ ਸਿੰਘ, ਡੀ.ਐਫ.ਐਸ.ਸੀ ਨੇ ਦੱਸਿਆ ਕਿ ਫੂਡ ਮਨਿਸਟਰੀ ਵਿਭਾਗ ਦੀ ਟੀਮ ਵਲੋਂ ਹੜਾਂ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਫਸਲ ਦਾ ਜਾਇਜ਼ਾ ਲੈ ਕੇ ਸੈਂਪਲ ਇਕੱਤਰ ਕੀਤੇ ਗਏ ਹਨ,ਜਿਸ ਦਾ ਵਿਸ਼ਲੇਸ਼ਣ ਕਰਨ ਉਪਰੰਤ ਰਿਪੋਰਟ ਕੀਤੀ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗ ਕਰਨ ਤੇ ਹੀ ਸੈਂਟਰ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਅੱਜ ਜ਼ਿਲ੍ਹੇ ਦੀਆਂ ਉਹਨਾਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ,ਜਿਨ੍ਹਾਂ ਮੰਡੀਆਂ ਵਿੱਚ ਪਿਛਲੇ ਦਿਨੀ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਾਨੂੰ ਇੱਕ ਉਮੀਦ ਬੱਝੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੈਂਟਰ ਸਰਕਾਰ ਆੜ੍ਹਤੀਆਂ ਅਤੇ ਜਿਮੀਦਾਰਾਂ ਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਦੇਵੇਗੀ।
ਇਸ ਮੌਕੇ ਜਸਵਿੰਦਰ ਸਿੰਘ ਰਿਆੜ, ਜਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ,ਆੜ੍ਹਤੀ ਯੂਨੀਅਨ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਲਖਬੀਰ ਸਿੰਘ,ਕਸ਼ਮੀਰ ਸਿੰਘ ਸਮਰਾਵਾ,ਮੈਨੇਜਰ ਐਫ ਸੀ ਆਈ ਅੰਮਿਤ ਕੁਮਾਰ,ਮੈਨੇਜਰ ਅਰੁਨੇਸ਼ ਕੁਮਾਰ,ਐਸ ਡੀ ਓ ਜਗਜੀਤ ਸਿੰਘ,ਸੈਕਟਰੀ ਮਾਰਕੀਟ ਕਮੇਟੀ ਸੁਰਿੰਦਰ ਸਿੰਘ, ਰਣਜੀਤ ਸਿੰਘ ਅਤੇ ਆੜ੍ਹਤੀਆਂ ਆਦਿ ਤੋਂ ਇਲਾਵਾ ਕਿਸਾਨ ਹਾਜ਼ਰ ਸਨ ।