ਰੈੱਡ ਕਰਾਸ ਭਵਨ ਬਠਿੰਡਾ ਵਿਖੇ ਵਿਸ਼ਵ ਫ਼ਸਟ ਏਡ ਦਿਵਸ ਮੌਕੇ ਦਿੱਤੀ ਮੁੱਢਲੀ ਸਹਾਇਤਾ ਦੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2025:ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ਵ ਫ਼ਸਟ ਏਡ ਦਿਵਸ ਮੌਕੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਇਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੇਂਟ ਜੋਹਨ ਕੇਂਦਰ ਦੇ ਫ਼ਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆਂ ਵੱਲੋਂ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦੀ ਬੇਸਿਕ ਸਿਖਲਾਈ ਦਿੱਤੀ ਗਈ ।ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਕਿਹਾ ਕਿ ਅੱਜ ਹਰੇਕ ਇਨਸਾਨ ਨੂੰ ਫ਼ਸਟ ਏਡ ਦੀ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ ।
ਰੈੱਡ ਕਰਾਸ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਨੌਜਵਾਨਾਂ ਨੂੰ ਬੇਹੋਸ਼ੀ, ਸਨੇਕ ਬਾਈਟ, ਲੂ ਲੱਗਣ, ਫਰੈਕਚਰ ਕੇਸ, ਜਲਣ, ਬਲੀਡਿੰਗ, ਮਿਰਗੀ ਦੌਰਿਆਂ ਅਤੇ ਜ਼ਹਿਰ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ।ਉਹਨਾਂ ਦੱਸਿਆ ਕਿ ਲੋਕਾਂ ਅੰਦਰ ਫਸਟ ਏਡ ਸੰਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਇਹ ਸਿਖਲਾਈ ਲੈਣ ਲਈ ਉਤਸ਼ਾਹਿਤ ਕਰਨ ਵਜੋਂ ਦੁਨੀਆ ਭਰ ਵਿੱਚ ਸਤੰਬਰ ਮਹੀਨੇ ਦਾ ਦੂਜਾ ਸ਼ਨੀਵਾਰ ਵਰਲਡ ਫਸਟ ਏਡ ਡੇਅ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਅਪੀਲ ਕੀਤੀ ਕਿ ਸਾਨੂੰ ਫ਼ਸਟ ਏਡ ਦੀ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਐਮਰਜੰਸੀ ਹਾਲਾਤਾਂ ਲਈ ਤਿਆਰ ਕਰਨਾ ਚਾਹੀਦਾ ਹੈ ਕਿਉਂਕਿ ਹਾਦਸਿਆਂ ਦੌਰਾਨ ਪੀੜਤਾਂ ਦੀ ਜ਼ਿੰਦਗੀ ਬਚਾਉਣ ਵਿੱਚ ਮੁੱਢਲੀ ਸਹਾਇਤਾ ਅਹਿਮ ਰੋਲ ਨਿਭਾਉਂਦੀ ਹੈ ।