ਡੋਪ ਟੈਸਟ ਦੇ ਵਿਵਾਦ ਮਗਰੋਂ ਐਸਐਮਓ ਦੀ ਹੋਈ ਬਦਲੀ
ਦੀਪਕ ਜੈਨ
ਜਗਰਾਉਂ : ਬੀਤੇ ਕੁਝ ਦਿਨ ਪਹਿਲਾਂ ਦੋ ਟੈਸਟ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਵਿਵਾਦਾਂ ਵਿੱਚ ਘਿਰੇ ਸਿਵਦਸਤਾ ਜਗਰਾਉਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਜੀਤ ਸਿੰਘ ਨੂੰ ਬਰਨਾਲਾ ਵਿਖੇ ਜਿਲਾ ਟੀਕਾਕਰਨ ਅਫਸਰ ਦੇ ਅਹੁਦੇ ਤੇ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਡਾਕਟਰ ਗੁਰਵਿੰਦਰ ਕੌਰ ਜਿਹੜੇ ਕਿ ਬਰਨਾਲਾ ਵਿਖੇ ਜਿਲਾ ਟੀਕਾਕਰਨ ਅਫਸਰ ਸਨ ਉਹਨਾਂ ਨੂੰ ਸਿਵਲ ਹਸਪਤਾਲ ਜਗਰਾਉਂ ਦਾ ਸੀਨੀਅਰ ਮੈਡੀਕਲ ਅਫਸਰ ਲਗਾਇਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈਐਸ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਇਹਨਾਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਪੱਤਰ ਮੁਤਾਬਕ ਇਹ ਬਦਲੀਆਂ ਪ੍ਰਬੰਧਕੀ ਅਧਾਰ ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀਆਂ ਗਈਆਂ ਹਨ। ਪਰ ਪੂਰੇ ਇਲਾਕੇ ਵਿੱਚ ਡਾਕਟਰ ਹਰਜੀਤ ਸਿੰਘ ਦੀ ਬਦਲੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਡੋਪ ਟੈਸਟ ਕਰਵਾਏ ਜਾਣ ਦੇ ਮਸਲੇ ਨੂੰ ਮੁੱਖ ਰੱਖ ਕੇ ਕੀਤੀ ਗਈ ਹੀ ਜਾਪਦੀ ਹੈ।
ਡਾਕਟਰ ਸਿੰਘ ਅਤੇ ਹਲਕਾ ਵਿਧਾਇਕ ਅੰਦਰ ਪਿਛਲੇ ਕਈ ਦਿਨਾਂ ਤੋਂ 36 ਦਾ ਆਂਕੜਾ ਚੱਲ ਰਿਹਾ ਸੀ ਅਤੇ ਡਾਕਟਰ ਹਰਜੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਇੱਕ ਆਗੂ ਨਾਲ ਡੋਪ ਟੈਸਟ ਨੈਗਟਿਵ ਕਰਵਾਉਣ ਲਈ ਤਕਰਾਰ ਵੀ ਹੋਈ ਸੀ ਅਤੇ ਇਸ ਦੀ ਸ਼ਿਕਾਇਤ ਡਾਕਟਰ ਵੱਲੋਂ ਪਹਿਲਾਂ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸ ਪੀ ਨੂੰ ਕੀਤੀ ਗਈ ਅਤੇ ਜਦੋਂ ਆਮ ਆਦਮੀ ਪਾਰਟੀ ਆਗੂ ਨੇ ਡਾਕਟਰ ਦੀ ਸ਼ਿਕਾਇਤ ਲੁਧਿਆਣਾ ਦੇ ਸਿਵਲ ਸਰਜਨ ਨੂੰ ਕਰ ਦਿੱਤੀ ਅਤੇ ਸਿਵਲ ਸਰਜਨ ਵੱਲੋਂ ਮਾਮਲੇ ਦੀ ਪੜਤਾਲ ਲਈ ਤਿੰਨ ਮੈਂਬਰੀ ਵਫਦ ਬਣਾ ਕੇ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਡਾਕਟਰ ਹਰਜੀਤ ਸਿੰਘ ਵੱਲੋਂ ਆਪਣੀ ਸਾਖ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਜਾਂਚ ਲਈ ਬੇਨਤੀ ਕੀਤੀ ਗਈ ਸੀ। ਇਸ ਪੱਤਰ ਦਾ ਸੇਕ ਜਦੋਂ ਹਲਕਾ ਵਿਧਾਇਕ ਤੱਕ ਪਹੁੰਚਿਆ ਤਾਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵੀ ਦੋ ਕਦਮ ਅੱਗੇ ਵਧਦਿਆਂ ਹੋਇਆ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਹਾਲਾਤਾਂ ਦਾ ਜਾਇਜ਼ਾ ਲੈਣ ਦਾ ਦੌਰਾ ਕੀਤਾ ਅਤੇ ਸਿਵਲ ਹਸਪਤਾਲ ਅੰਦਰ ਫੈਲੀਆਂ ਹੋਈਆਂ ਬੇਨੀਮੀਆ ਬਾਰੇ ਜਾਂਚ ਪੜਤਾਲ ਕੀਤੀ ਅਤੇ ਮਰੀਜ਼ਾਂ ਤੋਂ ਉਹਨਾਂ ਦੇ ਦੁਖੜੇ ਸੁਣੇ ਜਦ ਕਿ ਡੋਪ ਟੈਸਟ ਵਾਲੇ ਮਾਮਲੇ ਤੋਂ ਪਹਿਲਾਂ ਬੀਬੀ ਮਾਣੂਕੇ ਵੱਲੋਂ ਸਿਵਲ ਹਸਪਤਾਲ ਜਗਰਾਉ ਪਹੁੰਚ ਕੇ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਕਦੇ ਜਾਣਕਾਰੀ ਨਹੀਂ ਸੀ ਲਈ। ਹੁਣ ਡਾਕਟਰ ਗੁਰਵਿੰਦਰ ਕੌਰ ਨੂੰ ਭਾਵੇਂ ਸਿਪਲ ਹਸਪਤਾਲ ਜਗਰਾਉਂ ਦਾ ਸੀਨੀਅਰ ਮੈਡੀਕਲ ਅਫਸਰ ਲਗਾਇਆ ਗਿਆ ਹੈ ਪਰ ਦੇਖਣਾ ਇਹ ਹੋਵੇਗਾ ਕਿ ਸਿਵਿਲ ਹਸਪਤਾਲ ਜਗਰਾਉਂ ਅੰਦਰ ਮਰੀਜ਼ਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਦਾ ਮਸਲਾ ਵੀ ਹੱਲ ਹੋਵੇਗਾ ਜਾਂ ਨਹੀਂ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਵਿੱਚ ਕਿੰਨਾ ਕੁ ਸੁਧਾਰ ਹੁੰਦਾ ਹੈ।
ਇਸ ਤੋਂ ਇਲਾਵਾ ਡਾਕਟਰ ਹਰਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਾਜਨ ਮਲੋਤਰਾ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਬਾਰੇ ਜਾਂਚ ਪੜਤਾਲ ਹੋਵੇਗੀ ਜਾਂ ਫਿਰ ਇਹ ਸ਼ਿਕਾਇਤਾਂ ਦਾਖਲ ਦਫਤਰ ਹੋ ਜਾਣਗੀਆਂ।