ਡੇਂਗੂ ਦੇ ਡੰਗ ਨੂੰ ਨਕੇਲ ਪਾਉਣ ਲਈ ਸਿਹਤ ਵਿਭਾਗ ਗੋਨਿਆਣਾ ਹੋਇਆ ਪੱਬਾਂਭਾਰ : ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 13 ਜੁਲਾਈ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਵੀਰ ਸਿੰਘ ਦੀਆਂ ਹਦਾਇਤਾਂ ਅਤੇ ਕਾਰਜਕਾਰੀ ਸਿਵਲ ਸਰਜਨ ਡਾ: ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ ਅਧੀਨ ਬਲਾਕ ਗੋਨਿਆਣਾ ਵਿੱਚ ਡੇਂਗੂ ਦੇ ਡੰਗ ਨੂੰ ਨਕੇਲ ਪਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੱਬਾਂ—ਭਾਰ ਹੋਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਬਲਾਕ ਦੇ ਸਮੂਹ ਪਿੰਡਾਂ ਸਮੇਤ ਗੋਨਿਆਣਾ ਮੰਡੀ ਵਿੱਚ ਵਿਸ਼ੇਸ ਟੀਮਾਂ ਗਠਿਤ ਕਰਕੇ ਘਰ—ਘਰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕੇ ਸਮਝਾਉਣ ਤੋਂ ਇਲਾਵਾ ਖੁਦ ਘਰਾਂ ਵਿੱਚ ਪਏ ਕੂਲਰਾਂ, ਏ.ਸੀ., ਫਰਿੱਜਾਂ ਅਤੇ ਹੋਰ ਸਰੋਤਾਂ ਵਿੱਚੋਂ ਡੇਂਗੂ ਦਾ ਲਾਰਵਾ ਲੱਭਦੇ ਹਨ। ਉਨ੍ਹਾਂ ਕਿਹਾ ਕਿ ਲੱਭੇ ਗਏ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਹੈ।
ਇਸ ਮੌਕੇ ਬੋਲਦਿਆਂ ਸਿਹਤ ਸੁਪਰਵਾਇਜ਼ਰ ਪਵਨ ਕ੍ਰਿਸ਼ਨ ਕੁਮਾਰ, ਕੇਵਲ ਸਿੰਘ ਅਤੇ ਰੂਪ ਸਿੰਘ ਨੇ ਕਿਹਾ ਕਿ ਡੇਂਗੂ ਦਾ ਲਾਰਵਾ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ *ਤੇ ਵਾਰ ਮੁਹਿੰਮ ਵਿੱਢੀ ਹੋਈ ਹੈ। ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਹਰ ਸ਼ੁੱਕਰਵਾਰ ਘਰਾਂ ਵਿੱਚ ਜਾ ਕੇ ਅਜਿਹੇ ਸਰੋਤਾਂ ਦੀ ਜਾਂਚ ਕਰਦੀਆਂ ਹਨ ਜਿੱਥੇ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਘਰਾਂ ਵਿੱਚ ਪਏ ਕੂਲਰ, ਫਰਿੱਜ ਦੀਆਂ ਟ੍ਰੇਆਂ ਆਦਿ ਨੂੰ ਹਰ ਹਫ਼ਤੇ ਸੁਕਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਛੱਤਾਂ ਆਦਿ *ਤੇ ਪਏ ਪੁਰਾਣੇ ਭਾਂਡਿਆਂ, ਟਾਇਰਾਂ ਆਦਿ ਨੂੰ ਨਸ਼ਟ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵਿੱਚ ਬਰਸਾਤ ਦਾ ਪਾਣੀ ਇਕੱਤਰ ਨਾ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਐਸ.ਏ. ਬਲਵਿੰਦਰਜੀਤ ਸਿੰਘ, ਮਪਹਵ ਹਰਪ੍ਰੀਤ ਸਿੰਘ, ਹਰਜੋਤ ਸਿੰਘ, ਬਰੀਡਰ ਚੈਕਰ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।