ਨਸ਼ੇ ਨੂੰ ਠੱਲ੍ਹ ਪਾਉਣ ਲਈ ਡਿਫੈਂਸ ਕਮੇਟੀਆਂ ਲਗਾਤਾਰ ਕਾਰਜਸ਼ੀਲ: ਰੰਧਾਵਾ
ਹਰਜਿੰਦਰ ਸਿੰਘ ਭੱਟੀ
- ਵਿਧਾਇਕ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਵੱਖ ਵੱਖ ਪਿੰਡਾਂ ਚ ਕੀਤਾ ਲੋਕਾਂ ਨੂੰ ਸੰਬੋਧਨ
ਡੇਰਾਬੱਸੀ,1 ਜੂਨ 2025 - ਸੂਬਾ ਸਰਕਾਰ ਵੱਲੋਂ ਵਿੱਢੀ ਨਸ਼ਾ ਮੁਕਤੀ ਯਾਤਰਾ ਨਾਲ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਅਤੇ ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਖੇੜੀ ਗੁੱਜਰਾਂ, ਮੁਕੰਦਪੁਰ, ਰਾਮਪੁਰ ਬਹਾਲ, ਪੁਨਸਰ, ਜੋਲਾ ਖੁਰਦ ਤੇ ਰਾਣੀਮਾਜਰਾ ਵਿਖੇ ਲੋਕਾਂ ਨੂੰ ਨਸ਼ੇ ਦੇ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਹਲਕੇ ਦੇ ਹਰ ਇੱਕ ਪਿੰਡ ਵਿੱਚ ਡਿਫੈਂਸ ਕਮੇਟੀਆਂ ਕਾਰਜਸ਼ੀਲ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਡਿਫੈਂਸ ਕਮੇਟੀਆਂ ਆਪਣੀ ਜਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਵਿੱਚ ਯੋਗਦਾਨ ਪਾਉਣਗੀਆਂ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨਾ ਸਾਡੇ ਸਭਨਾਂ ਦੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਖੁਦ ਦ੍ਰਿੜਤਾ ਨਾਲ ਪ੍ਰਣ ਲੈਣਾ ਅਤੇ ਹਰ ਲਏ ਗਏ ਉਸ ਪ੍ਰਣ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।
ਇਸ ਉਪਰੰਤ ਉਹਨਾਂ ਪਿੰਡ ਦੇ ਸਰਪੰਚ ਸਾਹਿਬਾਨਾਂ ਦੀ ਮੌਜੂਦਗੀ ਵਿੱਚ ਪਿੰਡ ਦੇ ਹਾਜਰੀਨ ਵਾਸੀਆਂ ਨੂੰ ਨਸ਼ਾ ਵਿਕਣ ਤੋਂ ਰੋਕਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਬਾਰੇ ਸਹੁੰ ਚੁਕਵਾਈ।
ਇਸ ਦੌਰਾਨ ਕੋਆਰਡੀਨੇਟਰ ਸ਼੍ਰੀ ਸੁਮਿਤ ਰਾਣਾ, ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਕੁਲਦੀਪ ਚੌਧਰੀ, ਪਾਰਟੀ ਦੇ ਬਲਾਕ ਪ੍ਰਧਾਨ ਤੇ ਟੀਮ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।