Babushahi Special-ਸੱਪ ਦੇ ਡੰਗਣ ਨਾਲ 30 ਵਾਰੀ ਮਰਿਆ ਰਮੇਸ਼, ਜਦੋਂਕਿ 19 ਵਾਰ ਹੋਈ ਰਾਜਕੁਮਾਰ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2025: ਮੱਧ ਪ੍ਰਦੇਸ਼ ਵਿੱਚ ਸੱਪ ਦੇ ਡੰਗਣ ਨਾਲ ਰਾਜ ਕੁਮਾਰ ਨਾਂ ਦੇ ਵਿਅਕਤੀ ਦੀ 19 ਵਾਰ ਮੌਤ ਹੋਈ ਹੈ ਜਦੋਂਕਿ ਰਮੇਸ਼ ਨਾਮੀ ਵਿਅਕਤੀ ਸੱਪ ਵੱਲੋਂ ਡੰਗੇ ਜਾਣ ਕਾਰਨ 30 ਵਾਰ ਮਰਿਆ ਹੈ। ਸੁਣਨ ਅਤੇ ਜਾਨਣ ਵਾਲੇ ਨੂੰ ਹੈਰਾਨ ਕਰਨ ਵਾਲੀਆਂ ਇਹ ਮੌਤਾਂ ਕੋਈ ਸੱਪਾਂ ਵੱਲੋਂ ਕੱਟੇ ਜਾਣ ਕਾਰਨ ਨਹੀਂ ਹੋਈਆਂ ਬਲਕਿ ਮੱਧ ਪ੍ਰਦੇਸ਼ ’ਚ ਸਰਕਾਰ ਤੋਂ ਮੁਆਵਜਾ ਹਾਸਲ ਕਰਨ ਲਈ ਕੀਤਾ ਗਿਆ ਘੋਟਾਲਾ ਹੈ ਜੋਕਿ ਅੱਜ ਕੱਲ੍ਹ ਖੂਬ ਚਰਚਾ ਵਿੱਚ ਹੈ। ਲੋਕ ਹੈਰਾਨ ਹੋਣ ਵੀ ਕਿਓਂ ਨਾਂ ਕਿਉਂਕਿ ਅਜਿਹਾ ਘਪਲਾ ਦੇਖਣ ਸੁਣਨ ਨੂੰ ਘੱਟ ਹੀ ਮਿਲਦਾ ਹੈ ਉਹ ਵੀ ਉਦੋਂ ਜਦੋਂ ਸੱਪ ਦੇ ਡੰਗਣ ਨਾਲ ਲੋਕ ਇੱਕ ਵਾਰ ਨਹੀਂ ਬਲਕਿ 20-30 ਵਾਰ ਮਰ ਰਹੇ ਹਨ ਅਤੇ ਸਰਕਾਰ ਮੁਆਵਜਾ ਵੀ ਉਨ੍ਹਾਂ ਨੂੰ ਦੇ ਰਹੀ ਹੋਵੇ। ਕੁੱਝ ਦਿਨ ਪਹਿਲਾਂਨਿਊਜ਼ 18 ਵੱਲੋਂ ਇਸ ਘਪਲੇ ਦੀ ਵਿਸਥਾਰ ਸਾਹਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।
ਮੁਆਵਜੇ ਦੇ ਇਸ ਚੱਕਰ ਵਿੱਚ ਸਰਕਾਰੀ ਅਫਸਰਾਂ ਸਮੇਤ 46 ਲੋਕਾਂ ਨੇ ਮੱਧ ਪ੍ਰਦੇਸ਼ ਸਰਕਾਰ 11 ਕਰੋੜ 26 ਲੱਖ ਰੁਪਏ ਹੜੱਪ ਲਏ। ਜਦੋਂ ਇਸ ਘਪਲੇ ਦਾ ਖੁਲਾਸਾ ਹੋਇਆ ਤਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਨੀਂਦ ਉੱਡੀ ਹੋਈ ਹੈ। ਹਾਲਾਂਕਿ ਸਰਕਾਰ ਲਈ 11 ਕਰੋੜ ਰੁਪਏ ਦੀ ਰਾਸ਼ੀ ਕੋਈ ਬਹੁਤੀ ਵੱਡੀ ਨਹੀਂ ਪਰ ਜਿਸ ਹੈਰਾਨੀਜਨਕ ਢੰਗ ਨਾਲ ਇਹ ਘਪਲਾ ਕੀਤਾ ਗਿਆ ਹੈ ਉਸ ਨੂੰ ਲੈਕੇ ਆਮ ਲੋਕ ਦੰਗ ਰਹਿ ਗਏ ਹਨ। ਸਾਲ 2019 ਤੋਂ 2022 ਤੱਕ ਚੱਲਿਆ ਮੱਧ ਪ੍ਰਦੇਸ਼ ਦਾ ਇਹ ਸੱਪ ਘੁਟਾਲਾ ਸਿਵਨੀ ਜਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਸੱਪ ਡੰਗਣ ਦੇ ਮਾਮਲਿਆਂ ਤਹਿਤ ਕੀਤੀ ਗਈ ਠੱਗੀ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਸਿਵਨੀ ਜਿਲ੍ਹੇ ਦੀ ਕੇਲਵਾਰੀ ਤਹਿਸੀਲ ਵਿੱਚ ਸਾਲ 2019 ਤੋਂ ਸਾਲ 2022 ਤੱਕ ਸੱਪ ਦੇ ਫਰਜ਼ੀ ਡੰਗ ਨਾਲ ਮੌਤ ਦੇ ਦਾਅਵਿਆਂ ਰਾਹੀਂ 11.26 ਕਰੋੜੀ ਦੀ ਰਾਸ਼ੀ ਲੁੱਟੀ ਗਈ ਹੈ।
ਚੌਂਕਾਉਣ ਵਾਲੀ ਗੱਲ ਹੈ ਕਿ ਇਸ ਘਪਲੇ ਦੌਰਾਨ ਇੱਥੇ ਰਾਜ ਕੁਮਾਰ ਨਾਂ ਦੇ ਵਿਅਕਤੀ ਨੂੰ 19 ਵਾਰੀ ਅਤੇ ਰਮੇਸ਼ ਨਾਂ ਦੇ ਵਿਅਕਤੀ ਨੂੰ ਸੱਪ ਦੇ ਡੰਗਣ ਨਾਲ 30 ਵਾਰ ਮਰਿਆ ਦਿਖਾਕੇ ਸਰਕਾਰੀ ਖਜਾਨੇ ਚੋਂ ਮੁਆਵਜਾ ਜਾਰੀ ਕੀਤਾ ਗਿਆ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਸਰਕਾਰ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਕਾਰਨ ਪੀੜਤ ਪ੍ਰੀਵਾਰਾਂ ਨੂੰ ਮੁਆਵਜ਼ਾ ਦਿੰਦੀ ਹੈ ਜੋਕਿ 4 ਲੱਖ ਰੁਪਏ ਤੱਕ ਹੁੰਦਾ ਹੈ। ਮੱਧ ਪ੍ਰਦੇਸ਼ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਉਠਾਉਂਦਿਆਂ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀ ਹਰਕਤ ਵਿੱਚ ਆ ਗਏ ਜਿੰਨ੍ਹਾਂ ਵੱਲੋਂ ਕੇਲਵਾਰ ਦੇ ਰਮੇਸ਼ ਨੂੰ 30 ਵਾਰ ਮਰਿਆ ਦਿਖਾਕੇ ਮੁਆਵਜਾ ਲਿਆ ਗਿਆ ਜਦੋਂਕਿ ਇਸੇ ਤਰਾਂ ਰਾਜ ਕੁਮਾਰ ਤੇ ਕੁੱਝ ਹੋਰ ਲੋਕਾਂ ਨੇ ਕੀਤਾ ਹੈ। ਇਸ ਮਾਮਲੇ ਦੀ ਪੜਤਾਲ ਦੌਰਾਨ ਸੱਪ ਨਾਲ ਡੰਗਣ ਮੌਕੇ ਵਰਤੀਆਂ ਜਾਂਦੀਆਂ ਦਵਾਈਆਂ ਦੀ ਖਰੀਦ ਵਿੱਚ ਵੀ ਗੜਬੜੀ ਸਾਹਮਣੇ ਆਈ ਹੈ।
ਜਾਂਚ ’ਚ ਸਹਾਇਕ ਸਕੱਤਰ ਸਣੇ 46 ਸ਼ਾਮਲ
ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ () ਅਤੇ ਤਹਿਸੀਲ ਖਜਾਨੇ ਦੇ ਮਾੜੇ ਪ੍ਰਬੰਧਾਂ ਨੇ ਇਸ ਠੱਗੀ ਲਈ ਰਾਹ ਪੱਧਰਾ ਕੀਤਾ ਹੈ। ਜੱਬਲਪੁਰ ਦੇ ਵਿੱਤ ਅਤੇ ਖਜ਼ਾਨਾ ਵਿਭਾਗ ਦੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਇਸ ਠੱਗੀ ਮਾਮਲੇ ਵਿੱਚ ਇੱਕ ਸਹਾਇਕ ਸਕੱਤਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਂਕਿ ਬਾਕੀ ਦੋਸ਼ੀਆਂ ਖਿਲਾਫ ਅਜੇ ਕਾਰਵਾਈ ਹੋਣੀ ਬਾਕੀ ਹੈ।
ਨਿੱਜੀ ਖਾਤਿਆਂ ’ਚ ਪਾਏ ਪੈਸੇ
ਜੱਬਲਪੁਰ ਡਵੀਜਨ ਦੇ ਵਿੱਤ ਵਿਭਾਗ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਮੁੱਖ ਮੁਲਜਮ ਨੇ ਆਪਣੇ ਪ੍ਰੀਵਾਰ ,ਦੋਸਤਾਂ ਅਤੇ ਜਾਣ ਪਛਾਣ ਵਾਲਿਆਂ ਦੇ ਖਾਤੇ ਵਿੱਚ ਮੁਆਵਜ਼ਾ ਰਾਸ਼ੀ ਟਰਾਂਸਫਰ ਕੀਤੀ ਹੈ। ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਸਰਕਾਰੀ ਮੁਆਵਜੇ ਦੇ ਪੈਸੇ ਸਿੱਥੇ ਲਾਭਪਾਤਰੀ ਦੇ ਖਾਤੇ ਵਿੱਚ ਟਰਾਂਸਫਰ ਨਾ ਕਰਨ ਦੀ ਥਾਂ ਨਿੱਜੀ ਖਾਤਿਆਂ ਵਿੱਚ ਪਾਈ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਗਬਨ ਪੂਰੀ ਤਰਾਂ ਯੋਜਨਾਬੱਧ ਅਤੇ ਆਪਸੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਹ ਰਿਪੋਰਟ ਅਗਲੀ ਕਾਰਵਾਈ ਲਈ ਸਿਵਨੀ ਦੇ ਕਲੈਕਟਰ ਨੂੰ ਭੇਜੀ ਗਈ ਹੈ।
ਕਿਉਂ ਹੋਇਆ ਬਾਰ ਬਾਰ ਘਪਲਾ
ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮੱਧ ਪ੍ਰਦੇਸ਼ ’ਚ ਵਾਰ ਵਾਰ ਘੁਟਾਲੇ ਸਾਹਮਣੇ ਆਉਣ ਦਾ ਮੁੱਖ ਕਾਰਨ ਕੰਮਜੋਰ ਸਿਸਟਮ ਅਤੇ ਜਵਾਬਦੇਹੀ ਦੀ ਘਾਟ ਹੋਣਾ ਹੈ। ਆਈਐਫਐਮਐਸ ਵਰਗੇ ਡਿਜ਼ੀਟਡ ਸਿਸਟਮ ’ਚ ਖਾਮੀਆਂ, ਤਹਿਸੀਲ ਤੇ ਖਜਾਨਾ ਵਿਭਾਗ ਦੀ ਲਾਪਰਵਾਹੀ ਅਤੇ ਜਾਂਚ ਵਿੱਚ ਦੇਰੀ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਹੈ। ਰਿਪੋਰਟ ਅਨੁਸਾਰ ਸੱਪ ਘੁਟਲੇ ਵਿੱਚ ਮਿਸਾਲ ਦੇ ਤੌਰ ਤੇ ਇੱਕ ਵੀ ਵਿਅਕਤੀ ਨੂੰ ਬਾਰ ਬਾਰ ਮਰਿਆ ਦਿਖਾਉਣਾ ਸਰਕਾਰੀ ਸਿਸਟਮ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਘਪਨੇ ਰੋਕਣ ਲਈ ਬਇਓਮੈਟ੍ਰਿਕ ਤਸਦੀਕ ਤੇ ਸਹੀ ਸਮੇਂ ਤੇ ਨਿਗਰਾਨੀ ਕਰਨ ਵਰਗੇ ਕਦਮ ਚੁੱਕਣੇ ਪੈਣਗੇ।
ਮੱਧ ਪ੍ਰਦੇਸ਼ ਸਰਕਾਰ ਨੂੰ ਸਲਾਹ
ਇਸ ਤਰਾਂ ਦੇ ਘਪਲਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਕਿ ਫਰਜ਼ੀ ਦਾਅਵਿਆਂ ਦੀ ਜਾਂਚ ਤੇਜ਼ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਸ ਤੋਂ ਬਿਨਾਂ ਡਿਜ਼ੀਟਲ ਤਸਦੀਕ ਅਤੇ ਸਖ਼ਤ ਆਡਿਟ ਪ੍ਰਣਾਲੀ ਲਾਗੂ ਕਰਨ ਦੀ ਵੀ ਲੋੜ ਹੈ। ਇਸ ਤਰਾਂ ਦੇ ਘੁਟਾਲਿਆਂ ਨੂੰ ਦੁਹਰਾਉਣ ਤੋਂ ਰੋਕਣ ਲਈ ਸਰਕਾਰ ਨੂੰ ਪ੍ਰਸ਼ਾਸਕੀ ਸੁਧਾਰ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। News-18 hindi ਤੋਂ ਧੰਨਵਾਦ ਸਾਹਿਤ