ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਭੀੜ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਸਲਾਹ
ਕੋਵਿਡ ਦੇ ਕੇਸਾਂ ਨੂੰ ਮੱਦੇਨਜਰ ਸਿਹਤ ਵਿਭਾਗ ਫਾਜ਼ਿਲਕਾ ਨੇ ਅਡਵਾਈਜ਼ਰੀ ਜ਼ਾਰੀ ਕੀਤੀ
- ਕੋਵਿਡ ਤੋਂ ਘਬਰਾਉਣ ਦੀ ਜਰੂਰਤ ਨਹੀਂ, ਬਲਕਿ ਕੁਝ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ: ਡਾ ਰਾਜ ਕੁਮਾਰ ਸਿਵਲ ਸਰਜਨ
ਫਾਜ਼ਿਲਕਾ 01/06/2025 - ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ ਦੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਾ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਕੋਵਿਡ ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਹੈ। ਡਾ ਰਾਜ ਕੁਮਾਰ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਬਿਮਾਰੀ ਤੋਂ ਕਿਸੇ ਵੀ ਤਰ੍ਹਾਂ ਘਬਰਾਹਟ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ। ਬਲਕਿ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਨੇ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਾਹ ਨਾਲ ਸਬੰਧਿਤ ਬਿਮਾਰੀਆਂ ਵਿੱਚ ਹੌਲੀ ਹੌਲੀ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਜੇ.ਐਨ. ਵੇਰੀਐਂਟ ਵਿੱਚ ਹਲਕਾ ਬੁਖਾਰ, ਖਾਂਸੀ, ਗਲੇ ਵਿੱਚ ਛਾਲੇ ਅਤੇ ਦਰਦ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਹ ਵੇਰੀਐਂਟ ਬਹੁਤ ਹਲਕਾ ਹੈ, ਜੋ ਸਾਵਧਾਨੀਆਂ ਵਰਤ ਕੇ ਆਪਣੇ ਆਪ ਠੀਕ ਹੋ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਮੂੰਹ ਅਤੇ ਨੱਕ ਰਸਤੇ ਅੱਗੇ ਫੈਲਦੀਆਂ ਹਨ। ਇਸ ਤਰ੍ਹਾਂ ਦੇ ਲੱਛਣਾਂ ਵਾਲੇ ਮਰੀਜਾਂ ਤੋਂ ਦੂਰੀ ਬਣਾ ਕੇ ਰੱਖੋ। ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਤੇ ਰੁਮਾਲ ਰੱਖਿਆ ਜਾਵੇ। ਵਾਰ ਵਾਰ ਹੱਥਾਂ ਨੂੰ ਧੋਵੋ। ਮੂੰਹ ਅਤੇ ਨੱਕ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਸਾਬਨ ਪਾਣੀ ਨਾਲ ਧੋਵੋ। ਸੰਤੁਲਿਤ ਭੋਜ਼ਨ ਦੀ ਵਰਤੋਂ ਕਰੋ। ਵੱਧ ਤੋਂ ਵੱਧ ਪਾਣੀ ਪੀਓ।
ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਜਿਲ੍ਹੇ ਦੇ ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।